ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਕੌਮੀ ਸੁਰੱਖਿਆ ਕਾਨੂੰਨ (ਐਨਐਸਏ) ਤਹਿਤ ਬੰਦ ਖਾਲਿਸਤਾਨ ਸਮਰਥਕ ਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ 14 ਜਨਵਰੀ ਨੂੰ ਪੰਜਾਬ ਦੀ ਨਵੀਂ ਖੇਤਰੀ ਸਿਆਸੀ ਪਾਰਟੀ ਦੀ ਸ਼ੁਰੂਆਤ ਕਰਨਗੇ। ਇਹ ਐਲਾਨ ਸ੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦੇ ਤਿਉਹਾਰ ਮੌਕੇ ਕਰਵਾਏ ਜਾ ਰਹੇ ‘ਮਾਘੀ ਦੇ ਮੇਲੇ’ ਦੌਰਾਨ ਕੀਤਾ ਜਾਵੇਗਾ। ਇਸ ਮੌਕੇ ‘ਪੰਥ ਬਚਾਓ, ਪੰਜਾਬ ਬਚਾਓ’ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿੱਚ ਵੱਡੀ ਗਿਣਤੀ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਰੈਲੀ ਦੌਰਾਨ ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ ਉਨ੍ਹਾਂ ਦੇ ਨੇੜਲੇ ਸਾਥੀਆਂ ਵੱਲੋਂ ਪਾਰਟੀ ਦਾ ਐਲਾਨ ਕੀਤਾ ਜਾਵੇਗਾ।
ਉਧਰ, ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੇ ਵੀ ‘ਮਾਘੀ ਦੇ ਮੇਲੇ’ ਮੌਕੇ ਵੱਡੀ ਕਾਨਫਰੰਸ ਕਰਨ ਦਾ ਐਲਾਨ ਕਰ ਦਿੱਤਾ ਹੈ। ਅਕਾਲੀ ਦਲ ‘ਚ ਚੱਲ ਰਹੀ ਉਥਲ-ਪੁਥਲ ਦਰਮਿਆਨ ਇਹ ਕਿਆਸ ਲਾਏ ਜਾ ਰਹੇ ਸਨ ਕਿ ਇਸ ਸਾਲ ਉਹ ਮਾਘ ਮੇਲੇ ‘ਚ ਆਪਣੀ ਸਾਲਾਨਾ ਕਾਨਫਰੰਸ ਨਹੀਂ ਕਰਨਗੇ ਪਰ ਅੱਜ ਬਾਅਦ ਦੁਪਹਿਰ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਐਲਾਨ ਕੀਤਾ ਹੈ ਕਿ ਇਸ ਸਾਲ ਅਕਾਲੀ ਦਲ ਕਾਨਫਰੰਸ ਕਰਨ ਜਾ ਰਿਹਾ ਹੈ। ਡਾ. ਦਲਜੀਤ ਸਿੰਘ ਚੀਮਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹ 14 ਜਨਵਰੀ ਨੂੰ ਮਾਘੀ ਮੌਕੇ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਾਲ ਸਾਲਾਨਾ ਅਕਾਲੀ ਕਾਨਫਰੰਸ ਕਰਨਗੇ। ਇਸ ਸਮਾਗਮ ਨੂੰ ਸਫਲ ਬਣਾਉਣ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸੀਨੀਅਰ ਆਗੂ ਸ਼ਿਰਕਤ ਕਰਨਗੇ।
SAD announced that it will hold a massive Annual Akali Conference on the occasion of Maghi on January 14 at Sri Muktsar Sahib. Preparations have been started to make this event a success. All senior leaders of SAD will attend. pic.twitter.com/Cl1keNiKEJ
— Dr Daljit S Cheema (@drcheemasad) January 2, 2025
ਦਰਅਸਲ ਸਿੱਖਾਂ ਨਾਲ ਸਬੰਧਤ ਮੁੱਦਿਆਂ ਨੂੰ ਲੈ ਕੇ ਅਕਸਰ ਸੁਰਖੀਆਂ ਵਿੱਚ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਦੇ ਇਸ ਕਦਮ ਨੇ ਖੇਤਰੀ ਸਿਆਸਤ ਵਿੱਚ ਹਲਚਲ ਮਚਾ ਦਿੱਤੀ ਹੈ। ਉਨ੍ਹਾਂ ਦੀ ਪਾਰਟੀ ਦੇ ਮੁੱਦੇ ਸੂਬੇ ਵਿੱਚ ਸਿੱਖ ਭਾਈਚਾਰੇ ਦੇ ਹਿੱਤਾਂ ਦੀ ਰਾਖੀ ਕਰਨ ਤੇ ਪੰਜਾਬ ਦੀਆਂ ਸਥਾਨਕ ਸਮੱਸਿਆਵਾਂ ਜਿਵੇਂ ਬੇਰੁਜ਼ਗਾਰੀ, ਖੇਤੀ ਸੰਕਟ ਤੇ ਵਾਤਾਵਰਣ ਦੀ ਸੁਰੱਖਿਆ ‘ਤੇ ਧਿਆਨ ਕੇਂਦਰਿਤ ਕਰਨਗੇ। ਇਸ ਦੇ ਨਾਲ ਹੀ ਉਹ ਨਸ਼ੇ ‘ਤੇ ਵੀ ਆਪਣੀ ਆਵਾਜ਼ ਬੁਲੰਦ ਕਰਨਗੇ। ਗਰਮ ਖਿਆਲੀਏ ਇਹ ਕਦਮ ਉਸ ਵੇਲੇ ਚੁੱਕ ਰਹੇ ਹਨ ਜਦੋਂ ਸ਼੍ਰੋਮਣੀ ਅਕਾਲੀ ਦਲ ਵੱਡੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ।