ਟਰੇਨਾਂ ਵਿਚ ਇਕੱਲੀਆਂ ਸਫਰ ਕਰਨ ਵਾਲੀਆਂ ਔਰਤਾਂ ਨਾਲ ਛੇੜਛਾੜ ਦੀਆਂ ਘਟਨਾਵਾਂ ਵਧਣ ਨਾਲ ਯਾਤਰੀ ਆਪਣੀ ਸੁਰੱਖਿਆ ਨੂੰ ਲੈ ਕੇ ਕਾਫੀ ਗੰਭੀਰ ਹੋ ਗਏ ਹਨ। ਅਜਿਹੇ ਅਪਰਾਧੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਟਰੇਨਾਂ ਵਿੱਚ ਸਫ਼ਰ ਕਰਨ ਤੋਂ ਰੋਕਣ ਲਈ ਅਗਲੇ ਕੁਝ ਮਹੀਨਿਆਂ ਵਿੱਚ ਇਕ ਮਜ਼ਬੂਤ ਪ੍ਰਣਾਲੀ ਲਾਗੂ ਕੀਤੀ ਜਾ ਸਕਦੀ ਹੈ। ਰੇਲਵੇ ਹੁਣ ਹਰ ਯਾਤਰੀ ਲਈ ਰੇਲ ਯਾਤਰਾ ਨੂੰ ਸੁਰੱਖਿਅਤ ਬਣਾਉਣ ਲਈ ਵੱਡਾ ਕਦਮ ਚੁੱਕ ਸਕਦਾ ਹੈ, ਜਿਸ ਤਰ੍ਹਾਂ ਹਵਾਈ ਸਫਰ ਦੌਰਾਨ ਵਾਰ-ਵਾਰ ਮਾੜਾ ਵਿਵਹਾਰ ਦਿਖਾਉਣ ਵਾਲੇ ਯਾਤਰੀਆਂ ਨੂੰ ‘ਨੋ ਫਲਾਈ ਲਿਸਟ’ ਵਿਚ ਪਾ ਦਿੱਤਾ ਜਾਂਦਾ ਹੈ, ਉਸੇ ਤਰ੍ਹਾਂ ਰੇਲਵੇ ਵੀ ਅਜਿਹੇ ਯਾਤਰੀਆਂ ਨੂੰ ਟਰੇਨਾਂ ‘ਚ ਸਫਰ ਕਰਨ ਤੋਂ ਰੋਕਣ ਲਈ ਇਕ ਸਿਸਟਮ ਬਣਾਉਣ ਉਤੇ ਵਿਚਾਰ ਕਰ ਰਿਹਾ ਹੈ।
ਟਰੇਨਾਂ ਵਿਚ ਔਰਤਾਂ ਨਾਲ ਛੇੜਛਾੜ ਜਾਂ ਦੁਰਵਿਵਹਾਰ ਕਰਨ ਵਾਲੇ ਯਾਤਰੀਆਂ ਦਾ ਡਿਜੀਟਲ ਡਾਟਾ ਤਿਆਰ ਕੀਤਾ ਜਾਵੇਗਾ। ਹੁਣ ਤੱਕ ਮਿਲੀਆਂ ਸ਼ਿਕਾਇਤਾਂ ਦੇ ਆਧਾਰ ‘ਤੇ ਦੋਸ਼ੀਆਂ ਦਾ ਨਾਮ, ਪਤਾ, ਉਮਰ, ਚਿਹਰਾ ਅਤੇ ਹੋਰ ਰਿਕਾਰਡ ਡਿਜੀਟਲ ਫਾਰਮੈਟ ‘ਚ ਇਕੱਠੇ ਕੀਤੇ ਜਾਣਗੇ ਤਾਂ ਜੋ ਵੱਡੇ ਸਟੇਸ਼ਨਾਂ ਅਤੇ ਟਰੇਨਾਂ ‘ਤੇ ਨਜ਼ਰ ਰੱਖੀ ਜਾ ਸਕੇ। ਭਾਰਤੀ ਰੇਲਵੇ ਕੋਲ ਉਨ੍ਹਾਂ ਲੋਕਾਂ ਦਾ ਡਾਟਾ ਹੋਵੇਗਾ ਜੋ ਟਰੇਨਾਂ ‘ਚ ਵਾਰ-ਵਾਰ ਦੁਰਵਿਵਹਾਰ ਜਾਂ ਅਪਰਾਧ ਕਰਦੇ ਹਨ। ਮੁੱਖ ਰੇਲਵੇ ਸਟੇਸ਼ਨਾਂ ਅਤੇ ਚੋਣਵੀਆਂ ਰੇਲ ਗੱਡੀਆਂ ਵਿੱਚ ਚਿਹਰੇ ਦੀ ਪਛਾਣ ਕਰਨ ਵਾਲੇ ਕੈਮਰੇ ਲਗਾਏ ਜਾਣਗੇ। ਜਿਵੇਂ ਹੀ ਆਦਤਨ ਅਪਰਾਧੀ ਰੇਲਵੇ ਸਟੇਸ਼ਨ ਜਾਂ ਰੇਲਗੱਡੀ ‘ਤੇ ਪਹੁੰਚਦਾ ਹੈ, ਚਿਹਰੇ ਦੀ ਪਛਾਣ ਕਰਨ ਵਾਲੇ ਕੈਮਰੇ ਉਸ ਦੇ ਚਿਹਰੇ ਅਤੇ ਵਰਣਨ ਤੋਂ ਉਸ ਦੀ ਪਛਾਣ ਕਰਨਗੇ ਅਤੇ ਜੀਆਰਪੀ ਨੂੰ ਅਲਰਟ ਭੇਜ ਦੇਣਗੇ।