ਅਮਰੀਕੀ ਪ੍ਰਤੀਨਿਧੀ ਸਭਾ ਨੇ ਸੰਯੁਕਤ ਰਾਜ ‘ਚ ਚੀਨੀ ਵੀਡੀਓ-ਸ਼ੇਅਰਿੰਗ ਐਪ TikTok ‘ਤੇ ਪਾਬੰਦੀ ਲਗਾਉਣ ਵਾਲੇ ਨਵੇਂ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਮਾਰਚ ‘ਚ ਸਦਨ ਨੇ TikTok ਨੂੰ ਗੈਰ-ਕਾਨੂੰਨੀ ਐਲਾਨ ਕਰਨ ਦੇ ਪ੍ਰਸਤਾਵ ਦਾ ਸਮਰਥਨ ਕਰਦੇ ਹੋਏ ਵੋਟ ਦਿੱਤੀ ਸੀ। ਦਸ ਦੇਈਏ ਕਿ 170 ਮਿਲੀਅਨ ਤੋਂ ਵੱਧ ਅਮਰੀਕੀ TikTok ਦੀ ਵਰਤੋਂ ਕਰ ਰਹੇ ਹਨ। ਪਹਿਲਾਂ ਬਿੱਲ ‘ਚ ਕਿਹਾ ਗਿਆ ਹੈ ਕਿ TikTok ਦੀ ਮੂਲ ਕੰਪਨੀ ByteDance ਕਾਨੂੰਨ ਦੇ ਲਾਗੂ ਹੋਣ ਦੇ 180 ਦਿਨਾਂ ਜਾਂ ਅੱਧੇ ਸਾਲ ਦੇ ਅੰਦਰ ਆਪਣੀ ਮਲਕੀਅਤ ਛੱਡ ਦੇਵੇਗੀ। ਜੇਕਰ ਕਾਨੂੰਨ ਦੀ ਪਾਲਣਾ ਨਹੀਂ ਕੀਤੀ ਜਾਂਦੀ ਗਈ ਤਾਂ TikTok ਨੂੰ ਐਪਲ ਤੇ ਗੂਗਲ ਐਪ ਸਟੋਰ ਤੋਂ ਹਟਾ ਦਿੱਤਾ ਜਾਵੇਗਾ।
ਕੀ ਹੈ ਨਵਾਂ ਕਾਨੂੰਨ?
ਸੋਧਿਆ ਬਿੱਲ ਬਾਈਟਡਾਂਸ ਲਈ ਛੇ ਮਹੀਨਿਆਂ ਦੀ ਇਸ ਮਿਆਦ ਨੂੰ ਲਗਪਗ ਨੌਂ ਮਹੀਨਿਆਂ ਤੱਕ ਵਧਾਉਂਦਾ ਹੈ। ਇਸ ਤੋਂ ਇਲਾਵਾ ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਵ੍ਹਾਈਟ ਹਾਊਸ ਇਸ ਮਿਆਦ ਨੂੰ 90 ਦਿਨ ਹੋਰ ਵਧਾ ਸਕਦਾ ਹੈ। ਜਿਹੜੇ ਵਿਧਾਇਕ ਪਹਿਲਾਂ ਸ਼ੱਕੀ ਸਨ, ਉਨ੍ਹਾਂ ਨੇ ਹੁਣ ਨਵੇਂ ਬਿੱਲ ਨੂੰ ਸਮਰਥਨ ਦੇਣ ਦਾ ਵਾਅਦਾ ਕੀਤਾ ਹੈ। ਇਸ ਤੋਂ ਇਲਾਵਾ, ਹਾਊਸ ਰਿਪਬਲਿਕਨਾਂ ਨੇ ਟਿਕਟੌਕ ਕਾਨੂੰਨ ਨੂੰ ਵਿਦੇਸ਼ੀ ਸਹਾਇਤਾ ਪੈਕੇਜ ‘ਚ ਸ਼ਾਮਲ ਕੀਤਾ ਹੈ। ਇਸ ਵਿੱਚ ਯੂਕਰੇਨ ਤੇ ਇਜ਼ਰਾਈਲ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਸ਼ਾਮਲ ਹੈ।
ਸੈਨੇਟਰਾਂ ਕੋਲ TikTok ਕਲਾਜ਼ ਨੂੰ ਹਟਾਉਣ ਦਾ ਵਿਕਲਪ ਹੈ। ਹਾਲਾਂਕਿ, ਜੇ ਸੰਯੁਕਤ ਰਾਜ ਦੀ ਸੈਨੇਟ, ਯੂਐਸ ਕਾਂਗਰਸ ਦੇ ਪ੍ਰਤੀਨਿਧਾਂ ਦਾ ਉਪਰਲਾ ਸਦਨ, ਟਿੱਕਟੌਕ ਬਿੱਲ ਪਾਸ ਕਰਦਾ ਹੈ ਤਾਂ ਇਹ ਰਾਸ਼ਟਰਪਤੀ ਜੋਅ ਬਾਇਡਨ ਨੂੰ ਦਸਤਖਤ ਲਈ ਭੇਜਿਆ ਜਾਵੇਗਾ। ਰਾਸ਼ਟਰਪਤੀ ਬਾਇਡਨ ਨੇ TikTok ਬਿੱਲ ਦੇ ਪੁਰਾਣੇ ਵਰਜ਼ਨ ਦਾ ਸਮਰਥਨ ਕੀਤਾ ਸੀ। ਇਹ ਦਰਸਾਉਂਦਾ ਹੈ ਕਿ ਉਹ TikTok ਨੂੰ ਨਿਸ਼ਾਨਾ ਬਣਾਉਣ ਵਾਲੇ ਕਿਸੇ ਵੀ ਵਿਦੇਸ਼ੀ ਸਹਾਇਤਾ ਪੈਕੇਜ ਦਾ ਤੁਰੰਤ ਸਮਰਥਨ ਕਰ ਸਕਦੇ ਹਨ।