ਅਮਰੀਕਾ ਤੋਂ ਕੱਢੇ ਗਏ 205 ਭਾਰਤੀਆਂ ਦਾ ਜਹਾਜ਼ ਪਹੁੰਚੇਗਾ ਅੰਮ੍ਰਿਤਸਰ, ਪੜ੍ਹੋ ਪੂਰੀ ਖ਼ਬਰ

ਅਮਰੀਕਾ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇ ਰਿਹਾ ਹੈ। ਅੱਜ ਅਮਰੀਕੀ ਫੌਜੀ ਜਹਾਜ਼  C-17 ਸੈਨ ਐਂਟੋਨੀਓ ਤੋਂ ਅੰਮ੍ਰਿਤਸਰ ਲਈ ਰਵਾਨਾ ਹੋਇਆ ਹੈ। ਇਹ ਜਹਾਜ਼ ਬੁੱਧਵਾਰ ਸਵੇਰੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਪਹੁੰਚੇਗਾ। ਇਹ ਉਡਾਣ ਬੁੱਧਵਾਰ ਸਵੇਰੇ 9 ਵਜੇ ਦੇ ਕਰੀਬ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਲੈਂਡ ਹੋਵੇਗੀ। ਇਸ ਤੋਂ ਬਾਅਦ ਇਨ੍ਹਾਂ ਭਾਰਤੀਆਂ ਨੂੰ ਉਨ੍ਹਾਂ ਦੇ ਘਰ ਭੇਜ ਦਿੱਤਾ ਜਾਵੇਗਾ।

ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਬੇਨਤੀ ਕਰਦਿਆਂ ਹੋਇਆਂ ਕਿਹਾ ਕਿ ਇਨ੍ਹਾਂ 205 ਡਿਪੋਰਟ ਕੀਤੇ ਗਏ ਭਾਰਤੀਆਂ ਨੂੰ ਹਿਰਾਸਤ ਵਿੱਚ ਲੈਣ ਦਾ ਕੋਈ ਹੁਕਮ ਨਹੀਂ ਮਿਲਿਆ ਹੈ। ਪਰ ਉਨ੍ਹਾਂ ਦੇ ਦਸਤਾਵੇਜ਼ ਇੱਥੇ ਚੈੱਕ ਕੀਤੇ ਜਾਣਗੇ, ਜਿਸ ਵਿੱਚ ਪੂਰਾ ਦਿਨ ਲੱਗ ਸਕਦਾ ਹੈ। ਇਨ੍ਹਾਂ ਡਿਪੋਰਟ ਕੀਤੇ ਗਏ ਭਾਰਤੀਆਂ ਦੇ ਅਪਰਾਧਿਕ ਰਿਕਾਰਡ ਦੀ ਵਿਸ਼ੇਸ਼ ਤੌਰ ‘ਤੇ ਜਾਂਚ ਕੀਤੀ ਜਾਵੇਗੀ, ਤਾਂ ਜੋ ਹਵਾਈ ਅੱਡੇ ਤੋਂ ਨਿਕਲਣ ਤੋਂ ਪਹਿਲਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ। ਅੰਦਾਜ਼ਾ ਲਗਾਇਆ ਗਿਆ ਹੈ ਕਿ ਇਨ੍ਹਾਂ ਭਾਰਤੀਆਂ ਵਿੱਚੋਂ ਕੁਝ ਅਜਿਹੇ ਵੀ ਹੋ ਸਕਦੇ ਹਨ ਜਿਨ੍ਹਾਂ ਨੇ ਭਾਰਤ ਵਿੱਚ ਅਪਰਾਧ ਕੀਤੇ ਹੋਣਗੇ ਅਤੇ ਅਮਰੀਕਾ ਭੱਜ ਗਏ ਹੋਣਗੇ।

ਅਮਰੀਕੀ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਨੇ ਕਿਹਾ ਕਿ ਇਸ ਕਾਰਵਾਈ ਵਿੱਚ 538 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿੱਚ ਇੱਕ ਸ਼ੱਕੀ ਅੱਤਵਾਦੀ, ਟ੍ਰੇਨ ਡੀ ਅਰਾਗੁਆ ਗੈਂਗ ਦੇ ਚਾਰ ਮੈਂਬਰ ਅਤੇ ਨਾਬਾਲਗਾਂ ਵਿਰੁੱਧ ਜਿਨਸੀ ਅਪਰਾਧਾਂ ਦੇ ਦੋਸ਼ੀ ਕਈ ਅਪਰਾਧੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਦੇਸ਼ ਨਿਕਾਲੇ ਦੀ ਮੁਹਿੰਮ ਸਫਲਤਾਪੂਰਵਕ ਚੱਲ ਰਹੀ ਹੈ। ਪ੍ਰਸ਼ਾਸਨ ਆਪਣੇ ਵਾਅਦੇ ਪੂਰੇ ਕਰ ਰਿਹਾ ਹੈ। ਭਾਰਤ ਤੋਂ 205 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਸੈਨ ਐਂਟੋਨੀਓ ਤੋਂ ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਲਈ ਅਮਰੀਕੀ ਫੌਜੀ ਸੀ-17 ਜਹਾਜ਼ ਦੇ ਰਵਾਨਾ ਹੋਣ ਬਾਰੇ ਕੋਈ ਖਾਸ ਜਾਣਕਾਰੀ ਉਪਲਬਧ ਨਹੀਂ ਹੈ। ਅਮਰੀਕੀ ਦੂਤਾਵਾਸ ਦੇ ਬੁਲਾਰੇ ਨੇ ਕਿਹਾ ਕਿ ਉਹ ਅਜਿਹੀਆਂ ਉਡਾਣਾਂ ਬਾਰੇ ਵੇਰਵੇ ਸਾਂਝੇ ਨਹੀਂ ਕਰ ਸਕਦੇ।

Advertisement