ਕਾਂਗਰਸ ਦੇ ਸੀਨੀਅਰ ਨੇਤਾ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਅੱਜ ਅੰਮ੍ਰਿਤਸਰ ਪਹੁੰਚ ਰਹੇ ਹਨ। ਹਾਲਾਂਕਿ ਇਸ ਦਾ ਅਧਿਕਾਰਤ ਸ਼ਡਿਊਲ ਅਜੇ ਕਿਸੇ ਨਾਲ ਸਾਂਝਾ ਨਹੀਂ ਕੀਤਾ ਗਿਆ ਹੈ ਪਰ ਜਾਣਕਾਰੀ ਮੁਤਾਬਕ ਉਹ ਅੱਜ ਸ਼ਾਮ ਨੂੰ ਸ੍ਰੀ ਹਰਿਮੰਦਰ ਸਾਹਿਬ ਆਉਣਗੇ। ਪੰਜਾਬ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ 20 ਨਵੰਬਰ ਨੂੰ ਵੋਟਾਂ ਪੈਣੀਆਂ ਹਨ। ਇਸ ਤੋਂ ਪਹਿਲਾਂ ਅੱਜ ਰਾਹੁਲ ਗਾਂਧੀ ਦੇ ਦੌਰੇ ਨੂੰ ਚੋਣਾਂ ਨਾਲ ਜੋੜਿਆ ਜਾ ਰਿਹਾ ਹੈ। ਹਾਲਾਂਕਿ ਆਪਣੇ ਅਣ-ਅਧਿਕਾਰਤ ਪ੍ਰੋਗਰਾਮ ਅਨੁਸਾਰ ਉਹ ਕੇਵਲ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਲਈ ਹੀ ਆ ਰਹੇ ਹਨ।
ਦਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਅੱਜ ਸ਼ਾਮ 4.30 ਵਜੇ ਮਹਾਰਾਸ਼ਟਰ ਤੋਂ ਝਾਰਖੰਡ ਜਾਣਗੇ, ਫਿਰ ਉਥੋਂ ਉਹ ਆਪਣੀ ਨਿੱਜੀ ਉਡਾਣ ਰਾਹੀਂ ਸ਼ਾਮ 6 ਵਜੇ ਅੰਮ੍ਰਿਤਸਰ ਪਹੁੰਚਣਗੇ। ਇਸ ਤੋਂ ਬਾਅਦ ਉਹ ਫ੍ਰੈਸ਼ ਹੋਣ ਲਈ ਹੋਟਲ ਰਮਾਡਾ ਜਾਣਗੇ ਤੇ ਉਥੋਂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣਗੇ। ਇਸ ਤੋਂ ਬਾਅਦ ਅੰਮ੍ਰਿਤਸਰ ਵਿੱਚ ਰਾਤ ਰੁਕਣਗੇ ਤੇ ਸਵੇਰੇ ਵਾਪਸ ਜਾਣਗੇ। ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਰਾਤ ਨੂੰ ਹੀ ਦਿੱਲੀ ਲਈ ਰਵਾਨਾ ਹੋਣਗੇ।
ਪੰਜਾਬ ‘ਚ 20 ਨਵੰਬਰ ਨੂੰ ਡੇਰਾ ਬਾਬਾ ਨਾਨਕ, ਬਰਨਾਲਾ, ਗਿੱਦੜਬਾਹਾ, ਚੱਬੇਵਾਲ ‘ਚ ਜ਼ਿਮਨੀ ਚੋਣਾਂ ਹੋ ਰਹੀਆਂ ਹਨ, ਜਿਸ ‘ਚ ਕਾਂਗਰਸੀ ਉਮੀਦਵਾਰ ਪੂਰਾ ਜ਼ੋਰ ਲਗਾ ਰਹੇ ਹਨ ਪਰ ਚੋਣ ਪ੍ਰਚਾਰ ਦੌਰਾਨ ਰਾਹੁਲ ਗਾਂਧੀ ਉੱਥੇ ਨਹੀਂ ਪਹੁੰਚੇ। ਉਹ ਹਰ ਸਮੇਂ ਪ੍ਰਿਅੰਕਾ ਗਾਂਧੀ ਦੇ ਸਮਰਥਨ ‘ਚ ਵਾਨਖੇੜੇ ‘ਚ ਰਹੇ ਪਰ ਹੁਣ ਪੰਜਾਬ ‘ਚ ਚੋਣਾਂ ਤੋਂ ਇਕ ਦਿਨ ਪਹਿਲਾਂ ਆਉਣ ਨਾਲ ਕਾਂਗਰਸ ਦੇ ਉਮੀਦਵਾਰਾਂ ਨੂੰ ਫਾਇਦਾ ਮਿਲ ਸਕਦਾ ਹੈ।