ਅੱਜ ਚੋਣ ਪ੍ਰਚਾਰ ‘ਤੇ ਲੱਗਣਗੀਆਂ ਬ੍ਰੇਕਾਂ,ਜਨਤਕ ਮੀਟਿੰਗਾਂ ਹੋਣਗੀਆਂ ਬੈਨ

 ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਉਪ ਚੋਣਾਂ ਲਈ ਪ੍ਰਚਾਰ ‘ਤੇ ਅੱਜ ਬ੍ਰੇਕ ਲੱਗਣ ਜਾ ਰਹੀ ਹੈ। ਚੋਣ ਪ੍ਰਚਾਰ ਅੱਜਖ਼ ਸ਼ਾਮ 6 ਵਜੇ ਬੰਦ ਹੋ ਜਾਵੇਗਾ। ਅਜਿਹੀ ਸਥਿਤੀ ਵਿੱਚ ਸਾਰੀਆਂ ਪਾਰਟੀਆਂ ਦੇ ਸਟਾਰ ਪ੍ਰਚਾਰਕਾਂ ਨੂੰ ਸ਼ਾਮ 6 ਵਜੇ ਤੱਕ ਰਾਜ ਛੱਡਣਾ ਹੋਵੇਗਾ। ਇਹ ਹੁਕਮ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਆਪਣੇ ਜ਼ਿਲ੍ਹਿਆਂ ਵਿੱਚ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਨੂੰ ਜਾਰੀ ਕੀਤੇ ਗਏ ਹਨ।

ਹੁਕਮਾਂ ਵਿੱਚ 30 ਮਈ ਨੂੰ ਸ਼ਾਮ 6 ਵਜੇ ਤੋਂ ਬਾਅਦ ਪੋਲਿੰਗ ਖਤਮ ਹੋਣ ਤੱਕ ਲਾਊਡ ਸਪੀਕਰ, ਰੈਲੀਆਂ ਅਤੇ ਜਲੂਸ ਦੀ ਵਰਤੋਂ ‘ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਚੋਣ ਡਿਊਟੀ ‘ਤੇ ਤਾਇਨਾਤ ਅਧਿਕਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਤੋਂ ਇਲਾਵਾ ਕੋਈ ਵੀ ਵਿਅਕਤੀ ਪੋਲਿੰਗ ਸਟੇਸ਼ਨ ਦੇ 100 ਮੀਟਰ ਦੇ ਘੇਰੇ ਅੰਦਰ ਨਹੀਂ ਆ ਸਕਦਾ ਜਾਂ ਪੋਲਿੰਗ ਸਟੇਸ਼ਨ ਦੇ ਅੰਦਰ ਮੋਬਾਈਲ, ਵਾਇਰਲੈੱਸ ਫ਼ੋਨ ਦੀ ਵਰਤੋਂ ਨਹੀਂ ਕਰ ਸਕਦਾ।

ਦੂਜੇ ਪਾਸੇ ਪ੍ਰਚਾਰ ਲਈ ਬਾਹਰੀ ਸੂਬਿਆਂ ਤੋਂ ਆਏ ਲੀਡਰਾਂ ਨੂੰ ਵੀ ਵਾਪਸ ਆਪਣੇ ਘਰਾਂ ਨੂੰ ਜਾਣਾ ਹੋਵੇਗਾ। ਅੱਜ ਸ਼ਾਮ ਠੀਕ 6 ਵਜੇ ਤੋਂ ਬਾਅਦ ਚੋਣ ਕਮਿਸ਼ਨ ਦੀ ਨਜ਼ਰ ਰਹੇਗੀ ਕਿ ਕੋਈ ਵੀ ਸਿਆਸੀ ਪਾਰਟੀ ਚੋਣ ਰੈਲੀ ਜਾਂ ਜਨਤਕ ਮੀਟਿੰਗ ਨਾ ਕਰੇ। ਜੇਕਰ ਕੋਈ ਅਜਿਹਾ ਕਰਦਾ ਪਾਇਆ ਗਿਆ ਤਾਂ ਉਸ ‘ਤੇ ਕਾਰਵਾਈ ਕੀਤੀ ਜਾਵੇਗੀ।  ਪੰਜਾਬ ਵਿੱਚ ਸਤਵੇਂ ਅਤੇ ਆਖਰੀ ਗੇੜ੍ਹ ਤਹਿਤ 1 ਜੂਨ ਨੂੰ ਵੋਟਾਂ ਹੋਣ ਜਾ ਰਹੀਆਂ ਹਨ। ਇਹਨਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ। ਜਿਸ ਦੇ ਲਈ ਚੋਣ ਕਮਿਸ਼ਨ ਨੇ ਪੂਰੀ ਤਿਆਰੀ ਕਰ ਲਈ ਹੈ।

Advertisement