ਲੋਕ ਸਭਾ ਚੋਣਾਂ ਮਗਰੋਂ ਹੁਣ ਪੰਜਾਬ ਵਿਚ ਜ਼ਿਮਨੀ ਚੋਣਾਂ ਨੂੰ ਲੈਕੇ ਮਹੌਲ ਭਖਿਆ ਹੋਇਆ ਹੈ। ਜਲੰਧਰ ਵੇਸਟ ਤੋਂ ਵਿਧਾਇਕ ਸ਼ੀਤਲ ਅੰਗੂਰਾਲ ਦੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਇਹ ਸੀਟ ਖਾਲੀ ਹੋ ਗਈ ਸੀ। ਹੁਣ 10 ਜੁਲਾਈ ਨੂੰ ਜਲੰਧਰ ਵੈਸਟ ਹਲਕੇ ‘ਚ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ, ਜਿਨ੍ਹਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਤੇ ਉਮੀਦਵਾਰਾਂ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਸ਼ੀਤਲ ਅੰਗੂਰਾਲ ਮੁੜ ਇਕ ਵਾਰ ਮੈਦਾਨ ਵਿਚ ਹਨ ਪਰ ਕਿਸੇ ਹੋਰ ਪਾਰਟੀ ਤੋਂ। ਇਸ ਵਾਰ ਸ਼ੀਤਲ ਭਾਜਪਾ ਦੇ ਉਮੀਦਵਾਰ ਵੱਜੋਂ ਇਹ ਚੋਣ ਲੜਨ ਜਾ ਰਹੇ ਹਨ।
ਇਨ੍ਹਾਂ ਚੋਣਾਂ ਦੇ ਮੱਦੇਨਜ਼ਰ ਸ਼ਰਾਬ ਦਾ ਸੇਵਨ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ ਕਿ ਜਲੰਧਰ ਦੇ ਸਾਰੇ ਸ਼ਰਾਬ ਦੇ ਠੇਕੇ 8 ਜੁਲਾਈ ਸ਼ਾਮ 5 ਵਜੇ ਤੋਂ ਬੰਦ ਰਹਿਣਗੇ। ਇਹ ਠੇਕੇ ਹੁਣ ਚੋਣਾਂ ਵਾਲੇ ਦਿਨ ਭਾਵ 10 ਜੁਲਾਈ ਹੀ ਸ਼ਾਮ 7 ਵਜੇ ਤੋਂ ਬਾਅਦ ਖੁੱਲ੍ਹਣਗੇ। ਹਾਲਾਂਕਿ ਇਸ ਨੂੰ ਲੈ ਕੇ ਜਲੰਧਰ ਦੇ ਸਾਰੇ ਠੇਕਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਜੋ ਵੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।
ਇਸ ਦੇ ਨਾਲ ਹੀ ਭਾਰਤੀ ਚੋਣ ਕਮਿਸ਼ਨ ਨੇ ਜਲੰਧਰ ਪੱਛਮੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਦਲਜੀਤ ਸਿੰਘ ਭਾਨਾ ਦੀ ਪੈਰੋਲ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਭਾਨਾ ਦੀ ਪੈਰੋਲ ਰੱਦ ਕਰਨ ਲਈ ਕਾਂਗਰਸ ਅਤੇ ਭਾਜਪਾ ਨੇ ਕਮਿਸ਼ਨ ਕੋਲ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਸਨ।