ਅੱਜ 8 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 49 ਸੀਟਾਂ ‘ਤੇ ਵੋਟਿੰਗ ਜਾਰੀ

ਲੋਕ ਸਭਾ ਚੋਣਾਂ 2024 ਦੇ ਪੰਜਵੇਂ ਪੜਾਅ ਵਿਚ ਅਜ ਸਵੇਰੇ 7 ਵਜੇ 6 ਸੂਬਿਆਂ ਅਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 49 ਸੀਟਾਂ ‘ਤੇ ਵੋਟਿੰਗ ਸ਼ੁਰੂ ਹੋ ਗਈ ਹੈ। ਇਹ ਸ਼ਾਮ 6 ਵਜੇ ਤਕ ਜਾਰੀ ਰਹੇਗੀ। ਬਿਹਾਰ, ਜੰਮੂ-ਕਸ਼ਮੀਰ, ਲੱਦਾਖ, ਝਾਰਖੰਡ, ਮਹਾਰਾਸ਼ਟਰ, ਓਡੀਸ਼ਾ, ਉੱਤਰ ਪ੍ਰਦੇਸ਼ ਅਤੇ ਪਛਮੀ  ਬੰਗਾਲ ਸਮੇਤ ਅੱਠ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 49 ਲੋਕ ਸਭਾ ਸੀਟਾਂ ਤੋਂ ਇਲਾਵਾ ਓਡੀਸ਼ਾ ਦੀਆਂ 35 ਵਿਧਾਨ ਸਭਾ ਸੀਟਾਂ ਲਈ ਵੀ ਵੋਟਿੰਗ ਜਾਰੀ ਹੈ। ਇਸ ਗੇੜ ਵਿਚ ਰਾਜਨਾਥ ਸਿੰਘ, ਸਮ੍ਰਿਤੀ ਇਰਾਨੀ ਅਤੇ ਪੀਯੂਸ਼ ਗੋਇਲ ਸਮੇਤ 9 ਕੇਂਦਰੀ ਮੰਤਰੀ ਚੋਣ ਮੈਦਾਨ ਵਿਚ ਹਨ। ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਵੀ ਰਾਏਬਰੇਲੀ ਤੋਂ ਚੋਣ ਲੜ ਰਹੇ ਹਨ। ਚੋਣ ਕਮਿਸ਼ਨ ਮੁਤਾਬਕ ਪੰਜਵੇਂ ਪੜਾਅ ਦੀਆਂ ਚੋਣਾਂ ਵਿਚ 695 ਉਮੀਦਵਾਰ ਮੈਦਾਨ ਵਿਚ ਹਨ। ਇਨ੍ਹਾਂ ਵਿਚੋਂ 613 ਪੁਰਸ਼ ਅਤੇ 82 ਮਹਿਲਾ ਉਮੀਦਵਾਰ ਹਨ। ਇਨ੍ਹਾਂ ਵਿਚ ਔਰਤਾਂ ਸਿਰਫ਼ 12% ਹਨ।

ਦਸ ਦੇਈਏ ਕਿ ਵੋਟਿੰਗ ਤੋਂ ਇਕ ਦਿਨ ਪਹਿਲਾਂ ਚੋਣ ਕਮਿਸ਼ਨ ਨੇ ਐਤਵਾਰ ਨੂੰ ਕਿਹਾ ਕਿ ਮੁੰਬਈ, ਠਾਣੇ ਅਤੇ ਲਖਨਊ ਵਰਗੇ ਸ਼ਹਿਰਾਂ ਦੇ ਲੋਕਾਂ ਨੇ ਪਿਛਲੇ ਸਮੇਂ ’ਚ ਵੋਟਿੰਗ ਪ੍ਰਤੀ ਉਦਾਸੀਨਤਾ ਵਿਖਾਈ ਹੈ। ਕਮਿਸ਼ਨ ਨੇ ਇਨ੍ਹਾਂ ਸ਼ਹਿਰਾਂ ਦੇ ਵੋਟਰਾਂ ਨੂੰ ਇਸ ਵਾਰ ਵੱਡੀ ਗਿਣਤੀ ’ਚ ਵੋਟ ਪਾਉਣ ਦੀ ਅਪੀਲ ਕੀਤੀ ਹੈ। ਚੋਣ ਕਮਿਸ਼ਨ ਨੇ ਕਿਹਾ, ‘‘ਪਿਛਲੇ ਸਮੇਂ ’ਚ ਇਨ੍ਹਾਂ ਸ਼ਹਿਰਾਂ ’ਚ ਵੋਟਿੰਗ ਪ੍ਰਕਿਰਿਆ ’ਚ ਸ਼ਹਿਰੀ ਉਦਾਸੀਨਤਾ ਵਿਖਾਈ ਗਈ ਹੈ। ਕਮਿਸ਼ਨ ਵਿਸ਼ੇਸ਼ ਤੌਰ ’ਤੇ  ਇਨ੍ਹਾਂ ਸ਼ਹਿਰਾਂ ਦੇ ਵੋਟਰਾਂ ਨੂੰ ਵੱਡੀ ਗਿਣਤੀ ’ਚ ਵੋਟਿੰਗ ਪ੍ਰਕਿਰਿਆ ’ਚ ਹਿੱਸਾ ਲੈ ਕੇ ਇਸ ਕਲੰਕ ਨੂੰ ਦੂਰ ਕਰਨ ਦੀ ਅਪੀਲ ਕਰਦਾ ਹੈ।’’

Advertisement