ਆਮ ਆਦਮੀ ਪਾਰਟੀ (ਆਪ) ਨੇ ਕਾਂਗਰਸੀ ਆਗੂ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੋਟ ਦੇ ਬਦਲੇ ਪੈਸੇ ਲੈਣ ਵਾਲੇ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਦਾ ਹਾਲ ਹੀ ਵਿੱਚ ਇੱਕ ਵੀਡੀਓ ਵਾਇਰਲ ਹੋਇਆ, ਜਿਸ ਵਿੱਚ ਉਹ ਵੋਟਰਾਂ ਨੂੰ ਉਨ੍ਹਾਂ ਦੀਆਂ ਵੋਟਾਂ ਬਦਲੇ ਹੈਰਾਨ ਕਰਨ ਵਾਲੇ ਵਾਅਦੇ ਕਰ ਰਹੇ ਹਨ। ਵੀਡੀਓ ਵਿੱਚ ਵੜਿੰਗ ਗਿੱਦੜਬਾਹਾ ਹਲਕੇ ਦੇ ਵੋਟਰਾਂ ਨੂੰ 50,000 ਰੁਪਏ ਨਕਦ ਦੀ ਪੇਸ਼ਕਸ਼ ਕਰਦੇ ਹੋਏ, ਉਨ੍ਹਾਂ ਦੇ ਫ਼ੈਸਲੇ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਹਨ। ਵੋਟਾਂ ਦੀ ਖ਼ਰੀਦੋ-ਫ਼ਰੋਖ਼ਤ ਦੀ ਇਹ ਕੋਝੀ ਹਰਕਤ ਨਾ ਸਿਰਫ਼਼ ਚੋਣ ਜ਼ਾਬਤੇ ਦੀ ਉਲੰਘਣਾ ਹੈ, ਸਗੋਂ ਲੋਕਤੰਤਰ ਦੀਆਂ ਮੂਲ ਕਦਰਾਂ-ਕੀਮਤਾਂ ‘ਤੇ ਵੀ ਸਿੱਧਾ ਹਮਲਾ ਹੈ।
ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਕਿਹਾ ਰਾਜਾ ਵੜਿੰਗ ਦੀਆਂ ਕਾਰਵਾਈਆਂ ਉਹ ਸਭ ਕੁਝ ਦਰਸਾਉਂਦੀਆਂ ਹਨ ਜੋ ਰਵਾਇਤੀ ਸਿਆਸੀ ਪ੍ਰਣਾਲੀ ਲਈ ਖ਼ਤਰਾ ਹੈ। ਵੋਟਰਾਂ ਨੂੰ ਪੈਸੇ ਦੀ ਪੇਸ਼ਕਸ਼ ਕਰਕੇ, ਉਹ ਉਨ੍ਹਾਂ ਦੀ ਵਫ਼ਾਦਾਰੀ ਨੂੰ ਖ਼ਰੀਦਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਨਾਲ ਆਜ਼ਾਦ ਅਤੇ ਨਿਰਪੱਖ ਚੋਣਾਂ ਦੇ ਬੁਨਿਆਦੀ ਸਿਧਾਂਤਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਅਜਿਹਾ ਵਿਵਹਾਰ ਚੋਣ ਜ਼ਾਬਤੇ ਦੀ ਘੋਰ ਉਲੰਘਣਾ ਹੈ ਅਤੇ ਅਸੀਂ ਚੋਣ ਕਮਿਸ਼ਨ ਤੋਂ ਰਾਜਾ ਵੜਿੰਗ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਮੰਗ ਕਰਦੇ ਹਾਂ।
ਉਨ੍ਹਾਂ ਕਿਹਾ ਕਿ ਇਹ ਘਟਨਾ ਕਾਂਗਰਸ ਪਾਰਟੀ ਦੇ ਲੋਕਤੰਤਰ ਵਿੱਚ ਘੱਟ ਵਿਸ਼ਵਾਸ ਨੂੰ ਵੀ ਉਜਾਗਰ ਕਰਦੀ ਹੈ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਵਰਗੇ ਸਿਆਸਤਦਾਨ ਸਾਲਾਂ ਤੋਂ ਵੋਟਰਾਂ ਨੂੰ ਨੌਕਰੀਆਂ, ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਵਰਗੇ ਮੁੱਦਿਆਂ ਨੂੰ ਪੂਰਾ ਕਰਨ ਦੀ ਬਜਾਏ ਪੈਸੇ ਦਾ ਲਾਲਚ ਦੇ ਕੇ ਗੁੰਮਰਾਹ ਕਰ ਰਹੇ ਹਨ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਸਿਆਸਤਦਾਨ ਲੋਕਤੰਤਰ ਵਿੱਚ ਵਿਸ਼ਵਾਸ ਨਹੀਂ ਰੱਖਦੇ। ਉਹ ਸਿਰਫ ਆਪਣੇ ਫ਼ਾਇਦੇ ਲਈ ਵੋਟਰਾਂ ਦਾ ਸ਼ੋਸ਼ਣ ਕਰਦੇ ਹਨ।