ਆਸਟ੍ਰੇਲੀਆ ’ਚ ਪੜ੍ਹਾਈ ਲਈ ਭਾਰਤੀਆਂ ਸਮੇਤ ਵਿਦੇਸ਼ੀ ਵਿਦਿਆਰਥੀਆਂ ਨੂੰ ਹੁਣ ਵੱਧ ਪੈਸੇ ਖ਼ਰਚ ਕਰਨੇ ਪੈਣਗੇ। ਆਸਟ੍ਰੇਲੀਆ ਨੇ ਸੋਮਵਾਰ ਤੋਂ ਕੌਮਾਂਤਰੀ ਸਟੂਡੈਂਟ ਵੀਜ਼ੇ ਦੀ ਫੀਸ ਦੁੱਗਣੀ ਤੋਂ ਵੀ ਵੱਧ ਕਰ ਦਿੱਤੀ ਹੈ। ਆਸਟ੍ਰੇਲੀਆ ਸਰਕਾਰ ਨੇ ਇਹ ਕਦਮ ਹੁਣੇ ਜਿਹੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ’ਚ ਰਿਕਾਰਡ ਵਾਧੇ ਕਾਰਨ ਹਾਊਸਿੰਗ ਮਾਰਕੀਟ ’ਤੇ ਵਧੇ ਦਬਾਅ ਕਾਰਨ ਚੁੱਕਿਆ ਹੈ।
ਆਸਟ੍ਰੇਲੀਆ ਨੇ ਇਕ ਜੁਲਾਈ ਤੋਂ ਕੌਮਾਂਤਰੀ ਵਿਦਿਆਰਥੀ ਵੀਜ਼ਾ ਫ਼ੀਸ 710 ਆਸਟ੍ਰੇਲੀਆਈ ਡਾਲਰ (ਕਰੀਬ 39,527 ਰੁਪਏ) ਤੋਂ ਵਧਾ ਕੇ 1600 ਆਸਟ੍ਰੇਲੀਆਈ ਡਾਲਰ (ਕਰੀਬ 89,059 ਰੁਪਏ) ਕਰ ਦਿੱਤੀ ਹੈ। ਇਸ ਦੇ ਨਾਲ ਹੀ ਵਿਜ਼ੀਟਰ ਤੇ ਆਰਜ਼ੀ ਗ੍ਰੈਜੂਏਸ਼ਨ ਵੀਜ਼ਾ ਧਾਰਕ ਹੁਣ ਵਿਦਿਆਰਥੀ ਵੀਜ਼ੇ ਲਈ ਅਪਲਾਈ ਨਹੀਂ ਕਰ ਸਕਣਗੇ। ਸਰਕਾਰ ਨੇ ਇਸ ’ਤੇ ਪਾਬੰਦੀ ਲਗਾ ਦਿੱਤੀ ਹੈ। ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਕਲੇਰ ਓ ਨੀਲ ਨੇ ਕਿਹਾ ਹੈ ਕਿ ਕੌਮਾਂਤਰੀ ਸਿੱਖਿਆ ਪ੍ਰਣਾਲੀ ਦੀ ਅਖੰਡਤਾ ਕਾਇਮ ਰੱਖਣ ਤੇ ਬਿਹਤਰ ਇਮੀਗ੍ਰੇਸ਼ਨ ਪ੍ਰਣਾਲੀ ਬਣਾਉਣ ’ਚ ਇਹ ਬਦਲਾਅ ਸਹਾਇਕ ਹੋਣਗੇ। ਬੀਤੇ ਮਾਰਚ ’ਚ ਜਾਰੀ ਅਧਿਕਾਰਤ ਅੰਕੜਿਆਂ ਮੁਤਾਬਕ 30 ਸਤੰਬਰ, 2023 ਤੱਕ ਇਮੀਗ੍ਰੇਸ਼ਨ 60 ਫ਼ੀਸਦੀ ਵਧ ਕੇ 5,48,800 ਹੋ ਗਈ ਹੈ।