ਜ਼ਿਆਦਾਤਰ ਨੌਜਵਾਨ ਪੀੜ੍ਹੀ ਵਿਦੇਸ਼ ਜਾਣ ਦੇ ਸੁਪਨੇ ਦੇਖਦੀ ਹੈ। ਉਨ੍ਹਾਂ ਵਿੱਚੋਂ ਕਈ ਨੌਜਵਾਨ ਵਿਦਿਆਰਥੀਆਂ ਦਾ ਇਹ ਖਵਾਹਿਸ਼ ਹੁੰਦੀ ਹੈ ਕਿ ਉਹ ਵਿਦੇਸ਼ ਜਾ ਕੇ ਪੜ੍ਹਾਈ ਕਰਨ। ਪਰ ਅੱਜਕੱਲ੍ਹ ਦੇ ਸਮੇਂ ਵਿੱਚ ਵਿਦੇਸ਼ ਜਾ ਕੇ ਪੜ੍ਹਾਈ ਕਰਨੀ ਔਖੀ ਹੋ ਰਹੀ ਹੈ। ਇੱਥੇ ਅਸੀ ਆਸਟ੍ਰੇਲੀਆ ਦੀ ਗੱਲ ਕਰ ਰਹੇ ਹਾਂ। ਇਹ ਖਬਰ ਪੜ੍ਹ ਉਨ੍ਹਾਂ ਨੌਜਵਾਨਾਂ ਦਾ ਦਿਲ ਟੁੱਟੇਗਾ ਜੋ ਆਸਟ੍ਰੇਲੀਆ ਜਾ ਕੇ ਪੜ੍ਹਨ ਬਾਰੇ ਸੋਚ ਰਹੇ ਹਨ। ਦਰਅਸਲ, ਆਸਟ੍ਰੇਲੀਆ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੀਜ਼ਾ ਨਿਯਮਾਂ ਨੂੰ ਸਖ਼ਤ ਕਰਨ ਦਾ ਫੈਸਲਾ ਕੀਤਾ ਹੈ। ਨਵੇਂ ਨਿਯਮ ਕਾਰਨ ਹੁਣ ਵਿਦੇਸ਼ੀ ਵਿਦਿਆਰਥੀਆਂ ਲਈ ਆਸਟ੍ਰੇਲੀਆ ਦਾ ਵੀਜ਼ਾ ਲੈਣਾ ਹੋਰ ਵੀ ਔਖਾ ਹੋ ਗਿਆ ਹੈ।

ਮੰਨਿਆ ਜਾ ਰਿਹਾ ਹੈ ਕਿ ਭਾਰਤੀ ਵਿਦਿਆਰਥੀ ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ। ਆਸਟ੍ਰੇਲੀਆ ਨੇ ਇਸ ਤੋਂ ਪਹਿਲਾਂ ਵੀਜ਼ਾ ਫੀਸਾਂ ਵਿੱਚ ਵੱਡੇ ਵਾਧੇ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ 1 ਜੁਲਾਈ 2024 ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਵੀਜ਼ਾ ਫੀਸ ਵਜੋਂ 710 ਆਸਟ੍ਰੇਲੀਅਨ ਡਾਲਰ ਦੀ ਬਜਾਏ 1600 ਆਸਟ੍ਰੇਲੀਅਨ ਡਾਲਰ ਅਦਾ ਕਰਨੇ ਪੈਣਗੇ। ਰਿਪੋਰਟ ਮੁਤਾਬਕ ਵਿਜ਼ਟਰ ਵੀਜ਼ਾ ਅਤੇ ਵਿਦਿਆਰਥੀ ਵੀਜ਼ਾ ਧਾਰਕ ਹੁਣ ਔਨਸ਼ੋਰ ਸਟੂਡੈਂਟ ਵੀਜ਼ਾ ਲਈ ਅਪਲਾਈ ਨਹੀਂ ਕਰ ਸਕਣਗੇ। ਮੰਨਿਆ ਜਾ ਰਿਹਾ ਹੈ ਕਿ ਕੁਝ ਭਾਰਤੀ ਟੂਰਿਸਟ ਵੀਜ਼ੇ ‘ਤੇ ਆਸਟ੍ਰੇਲੀਆ ਆ ਰਹੇ ਹਨ। ਬਾਅਦ ਵਿੱਚ ਕਾਲਜ ਵਿੱਚ ਦਾਖ਼ਲਾ ਲੈ ਕੇ ਉਨ੍ਹਾਂ ਨੂੰ ਸਟੱਡੀ ਵੀਜ਼ਾ ਮਿਲ ਜਾਂਦਾ ਹੈ।
-ਨਵੇਂ ਨਿਯਮ ਮੁਤਾਬਕ ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਜ਼ਿਆਦਾ ਵੀਜ਼ਾ ਫੀਸ ਦੇਣੀ ਪਵੇਗੀ। ਨਿਯਮ ਦੇ ਲਾਗੂ ਹੋਣ ਤੋਂ ਪਹਿਲਾਂ, ਵੀਜ਼ਾ ਪ੍ਰੋਸੈਸਿੰਗ ਫੀਸ 710 ਆਸਟ੍ਰੇਲੀਅਨ ਡਾਲਰ (ਕਰੀਬ 39,546 ਰੁਪਏ) ਸੀ। ਹੁਣ ਇਸ ਨੂੰ ਵਧਾ ਕੇ 1600 ਆਸਟ੍ਰੇਲੀਅਨ ਡਾਲਰ (ਕਰੀਬ 89,118 ਰੁਪਏ) ਕਰ ਦਿੱਤਾ ਗਿਆ ਹੈ।
-ਆਸਟ੍ਰੇਲੀਆ ਵਿੱਚ ਪੜ੍ਹਨ ਲਈ ਵਿਦਿਆਰਥੀਆਂ ਨੂੰ ਹੁਣ ਆਪਣੇ ਬਚਤ ਖਾਤੇ ਵਿੱਚ ਪਹਿਲਾਂ ਨਾਲੋਂ ਵੱਧ ਪੈਸੇ ਰੱਖਣੇ ਪੈਣਗੇ। ਆਸਟ੍ਰੇਲੀਆ ਦੇ ਵੀਜ਼ੇ ਲਈ ਯੋਗ ਹੋਣ ਲਈ, ਤੁਹਾਨੂੰ ਘੱਟੋ-ਘੱਟ 16.2 ਲੱਖ ਰੁਪਏ ਦੀ ਬਚਤ ਦਿਖਾਉਣੀ ਪਵੇਗੀ।
-ਵੀਜ਼ਾ ਲਈ ਹੋਣ ਵਾਲੇ ਲੈਗੁਏਜ਼ ਟੈਸਟ IELTS ਪਾਸ ਕਰਨਾ ਹੀ ਕਾਫ਼ੀ ਨਹੀਂ ਹੋਵੇਗਾ। ਚੰਗੇ ਅੰਕ ਪ੍ਰਾਪਤ ਕਰਨਾ ਜ਼ਰੂਰੀ ਹੈ। ਅਸਥਾਈ ਗ੍ਰੈਜੂਏਟ ਵੀਜ਼ਾ ਲਈ ਪਹਿਲਾਂ 6.0 ਦਾ ਸਕੋਰ ਹੋਣਾ ਜ਼ਰੂਰੀ ਸੀ, ਹੁਣ ਇਸ ਨੂੰ ਵਧਾ ਕੇ 6.5 ਕਰ ਦਿੱਤਾ ਗਿਆ ਹੈ।
– ਅਸਥਾਈ ਗ੍ਰੈਜੂਏਟ ਵੀਜ਼ਾ ਯਾਨੀ TGV ਦੀ ਉਮਰ ਘਟਾ ਦਿੱਤੀ ਗਈ ਹੈ। ਨਵੇਂ ਨਿਯਮ ਮੁਤਾਬਕ ਹੁਣ ਇਸ ਨੂੰ ਘਟਾ ਕੇ 35 ਸਾਲ ਕਰ ਦਿੱਤਾ ਗਿਆ ਹੈ। ਪਹਿਲਾਂ ਉਮਰ ਸੀਮਾ 50 ਸਾਲ ਹੁੰਦੀ ਸੀ।
ਭਾਰਤੀ ਹਾਈ ਕਮਿਸ਼ਨ ਦੇ ਅਨੁਸਾਰ, ਜਨਵਰੀ-ਸਤੰਬਰ 2023 ਵਿੱਚ ਕੁੱਲ 1,22,391 ਭਾਰਤੀ ਵਿਦਿਆਰਥੀ ਆਸਟਰੇਲੀਆ ਵਿੱਚ ਪੜ੍ਹ ਰਹੇ ਸਨ। ਸਾਲ 2022 ਵਿੱਚ, ਕੁੱਲ ਇੱਕ ਲੱਖ ਤੋਂ ਵੱਧ ਭਾਰਤੀ ਵਿਦਿਆਰਥੀ ਆਸਟ੍ਰੇਲੀਆ ਵਿੱਚ ਵੱਖ-ਵੱਖ ਸੰਸਥਾਵਾਂ ਵਿੱਚ ਪੜ੍ਹ ਰਹੇ ਸਨ। ਆਸਟ੍ਰੇਲੀਆ ਵਿਚ ਕੁੱਲ 9,76,000 ਭਾਰਤੀ ਰਹਿੰਦੇ ਹਨ।