ਭਾਰਤੀ ਹਾਕੀ ਟੀਮ ਦੇ ਕਪਤਾਨ ਅਤੇ ਡਰੈਗ-ਫਲਿੱਕਰ ਹਰਮਨਪ੍ਰੀਤ ਸਿੰਘ ਨੂੰ ਅੱਜ ਆਪਣੇ ਦਮਦਾਰ ਪ੍ਰਦਰਸ਼ਨ ਅਤੇ ਅਸਾਧਾਰਨ ਪ੍ਰਤਿਭਾ ਦੇ ਆਧਾਰ ‘ਤੇ ਮੇਜਰ ਧਿਆਨ ਚੰਦ ਖੇਲ ਰਤਨ ਪੁਰਸਕਾਰ ਮਿਲਣ ਜਾ ਰਿਹਾ ਹੈ। ਡਿਫੈਂਡਰ ਹੋਣ ਦੇ ਬਾਵਜੂਦ, ਹਰਮਨਪ੍ਰੀਤ ਨੂੰ ਅਕਸਰ ਵਿਰੋਧੀ ਟੀਮ ਵਿਰੁੱਧ ਸ਼ਾਨਦਾਰ ਗੋਲ ਕਰਨ ਤੋਂ ਬਾਅਦ ਜਸ਼ਨ ਮਨਾਉਂਦਿਆਂ ਦੇਖਿਆ ਗਿਆ ਹੈ। ਇਨ੍ਹਾਂ ਤੋਂ ਇਲਾਵਾ, ਅੰਮ੍ਰਿਤਸਰ ਦੇ ਜਰਮਨਜੀਤ ਸਿੰਘ ਅਤੇ ਜਲੰਧਰ ਦੇ ਸੁਖਜੀਤ ਸਿੰਘ ਨੂੰ ਵੀ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।
ਹਰਮਨਪ੍ਰੀਤ ਸਿੰਘ ਦੇ ਕਰੀਅਰ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਵਿੱਚ ਟੋਕੀਓ 2020 ਓਲੰਪਿਕ ਵਿੱਚ ਕਾਂਸੀ ਦਾ ਤਗਮਾ, 2023 ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਅਤੇ ਪੈਰਿਸ ਓਲੰਪਿਕ 2024 ਵਿੱਚ ਕਾਂਸੀ ਦਾ ਤਗਮਾ ਸ਼ਾਮਲ ਹਨ। ਹਰਮਨਪ੍ਰੀਤ ਸਿੰਘ ਦਾ ਜਨਮ 6 ਜਨਵਰੀ 1996 ਨੂੰ ਜੰਡਿਆਲਾ ਗੁਰੂ ਬਸਤੀ, ਜ਼ਿਲ੍ਹਾ ਅੰਮ੍ਰਿਤਸਰ ਦੇ ਇੱਕ ਕਿਸਾਨ ਪਰਿਵਾਰ ਵਿੱਚ ਹੋਇਆ ਸੀ। ਬਚਪਨ ਵਿੱਚ, ਹਰਮਨਪ੍ਰੀਤ ਖੇਤਾਂ ਵਿੱਚ ਆਪਣੇ ਪਰਿਵਾਰ ਦੀ ਮਦਦ ਕਰਦਾ ਸੀ ਅਤੇ ਟਰੈਕਟਰ ਚਲਾਉਂਦਾ ਸੀ। ਖੇਤਾਂ ਵਿੱਚ ਕੰਮ ਕਰਦੇ ਹੋਏ, ਉਸ ਦੇ ਹੱਥਾਂ ਨੇ ਡਰੈਗ-ਫਲਿੱਕ ਦੇ ਹੁਨਰ ਨੂੰ ਨਿਖਾਰਿਆ। 2011 ਵਿੱਚ ਹਰਮਨਪ੍ਰੀਤ ਜਲੰਧਰ ਵਿੱਚ ਸੁਰਜੀਤ ਅਕੈਡਮੀ ਵਿੱਚ ਸ਼ਾਮਲ ਹੋਏ। ਜਿੱਥੇ ਮਾਹਿਰ ਗਗਨਪ੍ਰੀਤ ਸਿੰਘ ਅਤੇ ਸੁਖਜੀਤ ਸਿੰਘ ਨੇ ਆਪਣੇ ਪੈਨਲਟੀ ਕਾਰਨਰ ਹੁਨਰ ਨੂੰ ਹੋਰ ਬਿਹਤਰ ਬਣਾਇਆ।
ਹਾਕੀ ਖਿਡਾਰੀ ਜਰਮਨਜੀਤ ਸਿੰਘ ਨੂੰ ਅੱਜ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਇੱਕ ਸਮਾਂ ਸੀ ਜਦੋਂ ਉਹ ਦੋ ਸਾਲ ਬਿਸਤਰੇ ‘ਤੇ ਪਏ ਰਹੇ ਸਨ। ਉਨ੍ਹਾਂ ਦੀ ਲੱਤ ਵਿੱਚ ਦਰਦ ਹੋਣ ਕਾਰਨ, ਡਾਕਟਰ ਨੇ ਉਨ੍ਹਾਂ ਨੂੰ ਗਲਤ ਟੀਕਾ ਲਾ ਦਿੱਤਾ ਸੀ ਜਿਸ ਕਰਕੇ ਉਨ੍ਹਾਂ ਨੂੰ 2 ਸਾਲ ਲਈ ਬੈੱਡ ਰੈਸਟ ਲੈਣੀ ਪਈ, ਪਰ ਹਾਕੀ ਪ੍ਰਤੀ ਉਨ੍ਹਾਂ ਦਾ ਜਨੂੰਨ ਘੱਟ ਨਹੀਂ ਹੋਇਆ। 2 ਸਾਲ ਬਾਅਦ ਉਹ ਵਿਦੇਸ਼ ਗਏ ਅਤੇ ਖੇਡੇ।
ਸੁਖਜੀਤ ਸਿੰਘ ਜਲੰਧਰ ਦੇ ਪਿੰਡ ਧਨੋਵਾਲੀ ਦਾ ਰਹਿਣ ਵਾਲੇ ਹਨ। ਉਨ੍ਹਾਂ ਨੂੰ ਭਾਰਤੀ ਹਾਕੀ ਟੀਮ ਦੇ ਇੱਕ ਉੱਭਰਦੇ ਸਿਤਾਰੇ ਵਜੋਂ ਦੇਖਿਆ ਜਾਂਦਾ ਹੈ। ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਉਨ੍ਹਾਂ ਨੂੰ 2024 ਦੇ ਸਮਰ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਬਣਨ ਅਤੇ ਹੁਣ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਸਨਮਾਨ ਪ੍ਰਾਪਤ ਕੀਤਾ ਹੈ।