ਗੁਜਰਾਤ ਦੇ ਪੋਰਬੰਦਰ ਕੋਸਟ ਗਾਰਡ ਏਅਰਪੋਰਟ ‘ਤੇ ਇਕ ਵੱਡਾ ਜਹਾਜ਼ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਕੋਸਟ ਗਾਰਡ ਦਾ ਇੱਕ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਇਸ ਹਾਦਸੇ ਵਿੱਚ ਕਰੀਬ ਤਿੰਨ ਲੋਕਾਂ ਦੀ ਮੌਤ ਹੋ ਜਾਣ ਦਾ ਖ਼ਦਸ਼ਾ ਹੈ। ਦੱਸਿਆ ਜਾ ਰਿਹਾ ਹੈ ਇਸ ਹਾਦਸੇ ਵਿੱਚ ਦੋ ਹੋਰ ਲੋਕ ਵੀ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਭਾਰਤੀ ਤੱਟ ਰੱਖਿਅਕ ਦਾ ਹੈਲੀਕਾਪਟਰ ਪੋਰਬੰਦਰ ਦੇ ਕੋਸਟ ਗਾਰਡ ਏਅਰ ਇਨਕਲੇਵ ਵਿੱਚ ਉਡਾਣ ਭਰ ਰਿਹਾ ਸੀ। ਟੇਕ-ਆਫ ਦੌਰਾਨ ਤਕਨੀਕੀ ਖਰਾਬੀ ਕਾਰਨ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਕੋਸਟ ਗਾਰਡ ਦਾ ਹੈਲੀਕਾਪਟਰ ਏਐਲਐਚ ਧਰੁਵ ਦੋ ਪਾਇਲਟਾਂ ਅਤੇ ਤਿੰਨ ਹੋਰਾਂ ਨੂੰ ਲੈ ਕੇ ਜਾ ਰਿਹਾ ਸੀ। ਇਹ ਹੈਲੀਕਾਪਟਰ ਐਤਵਾਰ ਨੂੰ ਰੁਟੀਨ ਟ੍ਰੇਨਿੰਗ ਲਈ ਉਡਾਣ ਭਰ ਰਿਹਾ ਸੀ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਚਸ਼ਮਦੀਦਾਂ ਨੇ ਦੱਸਿਆ ਕਿ ਪੋਰਟ ਬਲੇਅਰ ਨੈਸ਼ਨਲ ਹਾਈਵੇਅ ‘ਤੇ ਸਥਿਤ ਕੋਸਟ ਗਾਰਡ ਏਅਰਪੋਰਟ ਦੇ ਨੇੜੇ ਦੁਪਹਿਰ ਕਰੀਬ 12:30 ਵਜੇ ਇਕ ਹੈਲੀਕਾਪਟਰ ਉੱਡ ਰਿਹਾ ਸੀ। ਇਸ ਦੌਰਾਨ ਕੁਝ ਗੜਬੜ ਹੋ ਗਈ ਅਤੇ ਇਹ ਹਾਦਸਾਗ੍ਰਸਤ ਹੋ ਗਿਆ। ਹਾਦਸੇ ਤੋਂ ਬਾਅਦ ਹੈਲੀਕਾਪਟਰ ਨੂੰ ਅੱਗ ਲੱਗ ਗਈ। ਇਸ ਘਟਨਾ ‘ਚ ਤਿੰਨ ਲੋਕਾਂ ਦੀ ਮੌਤ ਦੇ ਨਾਲ-ਨਾਲ ਦੋ ਹੋਰ ਲੋਕ ਜ਼ਖਮੀ ਹੋ ਗਏ ਹਨ। ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ।