YouTuber ਅਤੇ Bigg Boss OTT 2 ਦੇ ਜੇਤੂ ਐਲਵਿਸ਼ ਯਾਦਵ ਲਈ ਮੁਸੀਬਤਾਂ ਵੱਧ ਸਕਦੀਆਂ ਹਨ। ਈਡੀ ਨੇ ਐਲਵਿਸ਼ ਨੂੰ ਨੋਟਿਸ ਭੇਜਿਆ ਹੈ ਤੇ ਪੇਸ਼ ਹੋਣ ਦੇ ਲਈ ਆਦੇਸ਼ ਦਿੱਤੇ ਹਨ। ਐਲਵਿਸ਼ ਨੂੰ ਇਹ ਨੋਟਿਸ ਸੱਪ ਦੇ ਜ਼ਹਿਰ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਵਿੱਚ ਦਿੱਤਾ ਗਿਆ ਹੈ। ਹਾਲਾਂਕਿ ਐਲਵਿਸ਼ ਇਨ੍ਹੀ ਦਿਨੀਂ ਭਾਰਤ ਵਿੱਚ ਨਹੀਂ ਹਨ। ਉਹ ਵਿਦੇਸ਼ ਯਾਤਰਾ ‘ਤੇ ਹਨ, ਪਰ ਈਡੀ ਨੇ ਉਨ੍ਹਾਂ ਨੂੰ ਤੁਰੰਤ ਜਾਂਚ ਵਿੱਚ ਸ਼ਾਮਿਲ ਹੋਣ ਲਈ ਕਿਹਾ ਹੈ।
ਈਡੀ ਦੀ ਲਖਨਊ ਯੂਨਿਟ ਨੇ ਐਲਵਿਸ਼ ਯਾਦਵ ਨੀ 23 ਜੁਲਾਈ ਨੂੰ ਵਿਦੇਸ਼ ਤੋਂ ਪਰਤ ਕੇ ਤੁਰੰਤ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ। ਮੰਗਲਵਾਰ ਨੂੰ ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਈਡੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ED ਦੀ ਲਖਨਊ ਯੂਨਿਟ ਨੇ 23 ਜੁਲਾਈ ਨੂੰ ਐਲਵਿਸ਼ ਯਾਦਵ ਨੂੰ ਤਲਬ ਕੀਤਾ ਹੈ, ਕਿਉਂਕਿ 8 ਜੁਲਾਈ ਨੂੰ ਆਪਣੇ ਵਿਦੇਸ਼ ਦੌਰੇ ਦਾ ਹਵਾਲਾ ਦਿੰਦਿਆਂ ਈਡੀ ਦੇ ਸਾਹਮਣੇ ਪੇਸ਼ ਹੋਣ ਵਿੱਚ ਅਸਮਰਥਤਾ ਜਤਾਈ ਸੀ। ਅਧਿਕਾਰੀ ਨੇ ਕਿਹਾ ਕਿ ਯਾਦਵ ਨੂੰ ਛੂਟ ਦਿੱਤੀ ਗਈ ਹੈ ਤੇ ਬਾਅਦ ਵਿੱਚ ਪੇਸ਼ ਹੋਣ ਦੀ ਆਗਿਆ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਈਡੀ ਨੇ ਇਸ ਹਫਤੇ ਐਲਵਿਸ਼ ਯਾਦਵ ਨਾਲ ਜੁੜੇ ਰਾਹੁਲ ਯਾਦਵ ਉਰਫ ਰਾਹੁਲ ਫੈਜ਼ਲਪੁਰੀਆ ਤੋਂ ਪੁੱਛਗਿੱਛ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਫੈਜ਼ਲਪੁਰੀਆ ਨੂੰ ਪੁੱਛਗਿੱਛ ਲਈ ਦੁਬਾਰਾ ਬੁਲਾਇਆ ਜਾ ਸਕਦਾ ਹੈ। ਈਡੀ ਅਪਰਾਧ ਤੋਂ ਪੈਸਾ ਕਮਾਉਣ ਅਤੇ ਰੇਵ ਪਾਰਟੀ ਲਈ ਗੈਰ-ਕਾਨੂੰਨੀ ਪੈਸੇ ਦੀ ਵਰਤੋਂ ਬਾਰੇ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਐਲਵਿਸ਼ ਦੇ ਦੂਜੇ ਸਾਥੀ ਈਸ਼ਵਰ ਯਾਦਵ ਤੇ ਵਿਨੇ ਯਾਦਵ ਤੋਂ ਵੀ ਇਸ ਮਾਮਲੇ ਵਿੱਚ ਪਹਿਲਾਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ।