ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਸੋਮਵਾਰ ਨੂੰ ਹਲਕਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਵੱਲੋਂ ਟਿੱਬਾ ਰੋਡ ਵਿਖੇ ਲੋਕ ਸਭਾ ਹਲਕੇ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਹੱਕ ਵਿੱਚ ਕੀਤੇ ਰੋਡ ਸ਼ੋਅ ਦੌਰਾਨ ਐਲਾਨ ਕੀਤਾ ਕਿ ਸੂਬੇ ਦੀਆਂ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਜਲਦੀ ਮਿਲਨੇ ਸ਼ੁਰੂ ਹੋ ਜਾਣਗੇ।
ਇਸ ਦੇ ਲਈ ਸਰਕਾਰ ਨੇ ਬਜਟ ‘ਚੋਂ ਕਰੀਬ 5200 ਕਰੋੜ ਰੁਪਏ ਦੀ ਬਚਤ ਕਰ ਲਈ ਹੈ, ਜਿਸ ਕਾਰਨ ਔਰਤਾਂ ਨੂੰ ਦਿੱਤੀ ਜਾਣ ਵਾਲੀ ਪਹਿਲੀ ਗਾਰੰਟੀ ਹੁਣ ਆਉਣ ਵਾਲੇ 5 ਤੋਂ 7 ਮਹੀਨਿਆਂ ‘ਚ ਪੂਰੀ ਹੋ ਜਾਵੇਗੀ। ਮਾਨ ਨੇ ਕਿਹਾ ਕਿ ਇੱਕ ਵਾਰ ਸ਼ੁਰੂ ਹੋਣ ਵਾਲੀ ਇਹ ਸਕੀਮ ਕਦੇ ਬੰਦ ਨਹੀਂ ਹੋਵੇਗੀ। ਉਨ੍ਹਾਂ ਲੁਧਿਆਣਾ ਨੂੰ ਪੰਜਾਬ ਦਾ ਦਿਲ ਦੱਸਦਿਆਂ ਕਿਹਾ ਕਿ ਪੰਜਾਬ ਦੀ ਸਿਹਤ ਲਈ ਲੁਧਿਆਣਾ ਦੇ ਦਿਲ ਨੂੰ ਤੰਦਰੁਸਤ ਰੱਖਣਾ ਬਹੁਤ ਜ਼ਰੂਰੀ ਹੈ ਅਤੇ ਆਮ ਆਦਮੀ ਪਾਰਟੀ ਇਸ ਦਿਸ਼ਾ ਵਿੱਚ ਕੰਮ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮਨਚੈਸਟਰ ਵਜੋਂ ਜਾਣੇ ਜਾਂਦੇ ਲੁਧਿਆਣਾ ਨੂੰ ਵਪਾਰ ਪੱਖ ਤੋਂ ਇੰਨਾ ਮਜ਼ਬੂਤ ਬਣਾਇਆ ਜਾਵੇਗਾ ਕਿ ਦੂਜੇ ਰਾਜਾਂ ਤੋਂ ਆਉਣ ਵਾਲੇ ਕਾਰੋਬਾਰੀ ਆਪਣੇ ਦੋਸਤਾਂ ਨੂੰ ਇੱਥੇ ਆ ਕੇ ਕਾਰੋਬਾਰ ਕਰਨ ਲਈ ਉਤਸ਼ਾਹਿਤ ਕਰਨਗੇ।