ਲੋਕ ਸਭਾ ਚੋਣਾਂ ਤੋਂ ਪਹਿਲ ਕਾਂਗਰਸ ਪਾਰਟੀ ਨੂੰ ਅੰਦਰ ਖਾਤੇ ਬਗਾਵਤ ਝੱਲਣੀ ਪੈ ਰਹੀ ਹੈ। ਕਈ ਲੀਡਰ ਪਾਰਟੀ ਛੱਡ ਕੇ ਦੂਜਿਆਂ ਨਾਲ ਮਿਲ ਗਏ ਹਨ ਅਤੇ ਕਈ ਹਾਲੇ ਵੀ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਹਨ। ਹਾਲਤ ਇਹ ਹੋ ਗਈ ਹੈ ਕਿ ਪੰਜਾਬ ਕਾਂਗਰਸ ਹਾਲੇ ਤੱਕ 5 ਸੀਟਾਂ ‘ਤੇ ਸਥਿਤੀ ਸਪੱਸ਼ਟ ਨਹੀਂ ਕਰ ਸਕੀ। ਅਜੇ ਵੀ ਇਹਨਾਂ 5 ਸੀਟਾਂ ‘ਤੇ ਪੇਚ ਫਸਿਆ ਹੋਇਆ ਹੈ।
ਪੰਜਾਬ ਕਾਂਗਰਸ ਇਸ ਨੂੰ ਲੈ ਕੇ ਵਿਚਾਰ ਵਟਾਂਦਰੇ ਵਿਚ ਰੁੱਝੀ ਹੋਈ ਹੈ। ਉਮੀਦ ਹੈ ਕਿ ਇਹ ਸੂਚੀ ਵੀ 27 ਅਪ੍ਰੈਲ ਤੋਂ ਪਹਿਲਾਂ ਜਾਰੀ ਕਰ ਦਿੱਤੀ ਜਾਵੇਗੀ। ਕਾਂਗਰਸ ਸਕਰੀਨਿੰਗ ਕਮੇਟੀ ਵੱਲੋਂ ਹਰੇਕ ਹਲਕੇ ਤੋਂ ਚਾਰ ਦਾਅਵੇਦਾਰਾਂ ਦੇ ਨਾਂ ਭੇਜੇ ਗਏ ਸਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੇਂਦਰੀ ਕਮੇਟੀ ਨੇ ਹੁਣ ਦੋ ਦਾਅਵੇਦਾਰਾਂ ਦੇ ਨਾਂ ਮੰਗੇ ਹਨ। ਇਨ੍ਹਾਂ ਵਿੱਚੋਂ ਨਾਮ ਫਾਈਨਲ ਕੀਤਾ ਜਾਣਾ ਹੈ। ਇਸ ਤੋਂ ਇਲਾਵਾ ਪਾਰਟੀ ਪਿਛਲੇ ਦਿਨੀਂ ਕੀਤੇ ਗਏ ਸਰਵੇਖਣਾਂ ਨੂੰ ਵੀ ਆਧਾਰ ਬਣਾ ਰਹੀ ਹੈ। ਹਾਲਾਂਕਿ ਪਾਰਟੀ ਪ੍ਰਧਾਨ ਰਾਜਾ ਵੜਿੰਗ ਪਹਿਲਾਂ ਹੀ ਦਾਅਵਾ ਕਰ ਚੁੱਕੇ ਹਨ ਕਿ ਸਥਾਨਕ ਅਤੇ ਮਜ਼ਬੂਤ ਚਿਹਰਿਆਂ ਨੂੰ ਹੀ ਪਾਰਟੀ ਉਮੀਦਵਾਰ ਬਣਾਇਆ ਜਾਵੇਗਾ।
ਸੂਤਰਾਂ ਅਨੁਸਾਰ ਰਾਣਾ ਗੁਰਜੀਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਇੰਦਰਪ੍ਰੀਤ ਸਿੰਘ ਨੂੰ ਲੋਕ ਸਭਾ ਹਲਕਿਆਂ ਸ੍ਰੀ ਆਨੰਦਪੁਰ ਸਾਹਿਬ ਜਾਂ ਖਡੂਰ ਸਾਹਿਬ ਤੋਂ ਟਿਕਟ ਮਿਲਣੀ ਯਕੀਨੀ ਹੈ। ਰਾਣਾ ਆਪਣੇ ਪੁੱਤਰ ਨੂੰ ਚੋਣ ਮੈਦਾਨ ਵਿੱਚ ਉਤਾਰਨ ਦੇ ਚਾਹਵਾਨ ਹਨ। ਹਾਲਾਂਕਿ ਰਾਣਾ ਸ੍ਰੀ ਆਨੰਦਪੁਰ ਸਾਹਿਬ ਵਿੱਚ ਵੀ ਜ਼ਿਆਦਾ ਦਿਲਚਸਪੀ ਦਿਖਾ ਰਹੇ ਹਨ।
ਇਸ ਦੇ ਨਾਲ ਹੀ ਹਿੰਦੂ ਚਿਹਰਿਆਂ ਨੂੰ ਵੀ ਟਿਕਟਾਂ ਦੇਣ ਦੀ ਚਰਚਾ ਹੈ। ਅਜਿਹੇ ‘ਚ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਦਾ ਦਾਅਵਾ ਮਜ਼ਬੂਤ ਹੁੰਦਾ ਜਾ ਰਿਹਾ ਹੈ। ਜਦਕਿ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਸੰਜੇ ਤਲਵਾੜ ਲੁਧਿਆਣਾ ਤੋਂ ਟਿਕਟ ਦੀ ਦੌੜ ਵਿੱਚ ਹਨ।
ਗੁਰਦਾਸਪੁਰ ਦੇ ਵਿਧਾਇਕ ਬਰਿੰਦਰਮੀਤ ਸਿੰਘ ਪਹਾੜਾ ਅਤੇ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਨਾਂ ਚੱਲ ਰਹੇ ਹਨ। ਹਾਲਾਂਕਿ ਸੁਖਜਿੰਦਰ ਸਿੰਘ ਰੰਧਾਵਾ ਵੀ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਹਨ। ਇਸ ਤੋਂ ਇਲਾਵਾ ਸਾਬਕਾ ਵਿਧਾਇਕ ਅਮਿਤ ਵਿੱਜ ਅਤੇ ਨਰੇਸ਼ ਪੁਰੀ ਵੀ ਟਿਕਟ ਦੀ ਦੌੜ ਵਿੱਚ ਹਨ। ਕਾਂਗਰਸ ਫਿਰੋਜ਼ਪੁਰ ਨੂੰ ਲੈ ਕੇ ਵੀ ਬਹਿਸ ਕਰ ਰਹੀ ਹੈ।