ਕਾਲੇ ਪਾਣੀ ਦਾ ਮੋਰਚਾ ਨੂੰ ਅਸਫਲ ਬਣਾਉਣ ਲਈ ਪੁਲਿਸ ਵੱਲੋਂ ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਮੋਰਚੇ ਦੇ ਸਮਰਥਨ ਵਿੱਚ ਆਏ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈਣ ਦਾ ਦੌਰ ਜਾਰੀ ਹੈ। ਪੁਲਿਸ ਵੱਲੋਂ ਮੋਰਚੇ ਦੇ ਹੱਕ ਵਿੱਚ ਡੱਟਣ ਵਾਲੇ ਹਰੇਕ ਵਿਅਕਤੀ ਨੂੰ ਆਪਣੀ ਗ੍ਰਿਫਤ ਵਿੱਚ ਲਿਆ ਜਾ ਰਿਹਾ ਹੈ।
ਮੋਰਚੇ ਦੇ ਸਮਰਥਨ ਵਿੱਚ ਪੁੱਜੇ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਇੱਕ ਸਰਵੇਖਣ ਅਨੁਸਾਰ 2028 ਤੱਕ ਪੰਜਾਬ ਕੈਂਸਰ ਦੀ ਮਾਰ ਹੇਠ ਆ ਜਾਵੇਗਾ। ਉਨਾਂ ਕਿਹਾ ਕਿ ਸਰਕਾਰਾਂ ਜਬਰ ਜ਼ੁਲਮ ਨਾਲ ਲੋਕਾਂ ਨੂੰ ਝੁਕਾਉਣ ਦੀ ਕੋਸ਼ਿਸ਼ ਕਰਦੀਆਂ ਹਨ, ਪਰ ਲੋਕਾਂ ਦੀ ਸ਼ਕਤੀ ਅੱਗੇ ਸਰਕਾਰਾਂ ਨੂੰ ਇੱਕ ਦਿਨ ਝੁੱਕਣਾ ਹੀ ਪੈਂਦਾ ਹੈ। ਉਹਨਾਂ ਕਿਹਾ ਕਿ ਭਾਵੇਂ ਪੁਲਿਸ ਵੱਲੋਂ ਮੋਰਚੇ ਦੇ ਸਮਰਥਨ ਵਿੱਚ ਆਏ ਲੋਕਾਂ ਨੂੰ ਹਿਰਾਸਤ ਵੀ ਲਿਆ ਜਾ ਰਿਹਾ ਹੈ ਪਰ ਮੋਰਚਾ ਸਫਲ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਜਹਿਰੀਲੇ ਪਾਣੀ ਤੋਂ ਛੁਟਕਾਰਾ ਦਵਾਉਣਾ ਸਰਕਾਰ ਦੀ ਜਿੰਮੇਵਾਰੀ ਹੈ ਪਰ ਸਰਕਾਰ ਆਪਣੀ ਜਿੰਮੇਵਾਰੀ ਤੋਂ ਭੱਜ ਰਹੀ ਹੈ ਇਸ ਲਈ ਸਮਾਜ ਸੇਵੀਆਂ ਤੇ ਲੋਕਾਂ ਨੂੰ ਅੱਗੇ ਆਉਣਾ ਪਿਆ ਹੈ।