ਸਿੱਖ ਫਾਰ ਜਸਟਿਸ (SFJ) ਦੇ ਮੁਖੀ ਅਤੇ ਖਾਲਿਸਤਾਨੀ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੇ 17 ਨਵੰਬਰ ਨੂੰ ਅੰਮ੍ਰਿਤਸਰ ਅਤੇ ਚੰਡੀਗੜ੍ਹ ਹਵਾਈ ਅੱਡਾ ਬੰਦ ਕਰਨ ਦੀ ਧਮਕੀ ਦਿੱਤੀ ਹੈ। ਪੰਨੂ ਨੇ ਦੋਸ਼ ਲਾਇਆ ਕਿ ਭਾਰਤ ਸਰਕਾਰ ਨੇ ਹਵਾਈ ਅੱਡੇ ਦੇ ਅੰਦਰ ਸਿੱਖ ਧਰਮ ਦੇ ਪ੍ਰਤੀਕ ਕਿਰਪਾਨ ਪਹਿਨਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਇਸ ਫੈਸਲੇ ਨੂੰ ਸਿੱਖ ਕੌਮ ’ਤੇ ਹਮਲਾ ਕਰਾਰ ਦਿੰਦਿਆਂ ਭਵਿੱਖ ਵਿੱਚ ਸਿੱਖਾਂ ਲਈ ਧਾਰਮਿਕ ਚਿੰਨ੍ਹਾਂ ’ਤੇ ਹੋਰ ਪਾਬੰਦੀਆਂ ਲਾਉਣ ਦਾ ਖਦਸ਼ਾ ਪ੍ਰਗਟਾਇਆ ਹੈ।
ਪੰਨੂ ਨੇ ਆਪਣੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਹੈ। ਜਿਸ ਵਿੱਚ ਉਹ ਭਾਰਤ ਸਰਕਾਰ ਨੂੰ ਧਮਕੀਆਂ ਦਿੰਦੇ ਨਜ਼ਰ ਆ ਰਹੇ ਹਨ। ਉਸ ਨੇ ਦੋਸ਼ ਲਗਾਇਆ ਹੈ ਕਿ ਭਾਰਤ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਦਸਤਾਰ ‘ਤੇ ਵੀ ਪਾਬੰਦੀ ਲਗਾ ਸਕਦੀ ਹੈ। ਇਸ ਤੋਂ ਬਾਅਦ ਭਾਰਤ ਸਰਕਾਰ ਸਿੱਖਾਂ ਨੂੰ ਘਰਾਂ ਵਿਚ ਵੀ ਆਪਣੇ ਧਾਰਮਿਕ ਚਿੰਨ੍ਹ ਪਹਿਨਣ ਤੋਂ ਰੋਕ ਸਕਦੀ ਹੈ। ਉੱਥੇ ਹੀ ਪੰਨੂ ਨੇ 17 ਨਵੰਬਰ ਨੂੰ ਅੰਮ੍ਰਿਤਸਰ ਅਤੇ ਚੰਡੀਗੜ੍ਹ ਹਵਾਈ ਅੱਡੇ ਬੰਦ ਕਰਨ ਦੀ ਗੱਲ ਕੀਤੀ ਹੈ।
ਪੰਨੂ ਨੇ ਆਪਣੇ ਵੀਡੀਓ ਵਿੱਚ ਚੇਤਾਵਨੀ ਦਿੱਤੀ ਹੈ ਕਿ ਭਾਰਤ ਸਰਕਾਰ ਨੇ ਕਿਰਪਾਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਕੱਲ ਨੂੰ ਦਸਤਾਰਾਂ ‘ਤੇ ਵੀ ਪਾਬੰਦੀ ਲਗਾਈ ਜਾ ਸਕਦੀ ਹੈ ਅਤੇ ਫਿਰ ਘਰ ਵਿਚ ਵੀ ਸ੍ਰੀ ਸਾਹਿਬ ਅਤੇ ਦਸਤਾਰਾਂ ਨਹੀਂ ਪਹਿਨਣ ਦਿੱਤੀਆਂ ਜਾਣਗੀਆਂ। ਇਹ ਭਾਰਤ ਸਰਕਾਰ ਸਾਰੇ ਸਿੱਖਾਂ ਨੂੰ ਜਨੇਊ ਪਵਾ ਦੇਣਗੇ। ਆਪਣੀ ਜਾਨ ਬਚਾਉਣ ਲਈ ਸਿੱਖਾਂ ਨੂੰ ਆਪਣੇ ਘਰਾਂ ਦੇ ਬਾਹਰ ਸ਼੍ਰੀ ਗਣੇਸ਼ ਦੀ ਸਥਾਪਨਾ ਕਰਨੀ ਪਵੇਗੀ।
ਉੱਥੇ ਹੀ ਪੰਨੂ ਨੇ ਪੰਜਾਬ ਦੇ ਨੌਜਵਾਨਾਂ ਨੂੰ 17 ਨਵੰਬਰ ਨੂੰ ਹਵਾਈ ਅੱਡੇ ‘ਤੇ ਟਰੈਕਟਰਾਂ ਅਤੇ ਡਰੋਨਾਂ ਨਾਲ ਸੜਕਾਂ ਜਾਮ ਕਰਨ ਦਾ ਸੱਦਾ ਦਿੱਤਾ ਹੈ। ਉਸ ਨੇ ਕਿਹਾ ਹੈ ਕਿ ਇਹ ਰੋਸ ਮੁਜ਼ਾਹਰਾ ਸਿੱਖ ਕੌਮ ਦੀ ਹੋਂਦ ਨੂੰ ਮੰਡਰਾ ਰਹੇ ਖ਼ਤਰੇ ਤੋਂ ਦੁਨੀਆਂ ਨੂੰ ਜਾਣੂ ਕਰਵਾਉਣ ਦਾ ਇੱਕ ਤਰੀਕਾ ਹੈ। ਸਿੱਖਾਂ ਨੂੰ ਆਪਣੀ ਆਜ਼ਾਦੀ ਲਈ ਉਸੇ ਤਰ੍ਹਾਂ ਲੜਨਾ ਪਵੇਗਾ, ਜਿਵੇਂ ਉਨ੍ਹਾਂ ਦੇ ਪੁਰਖਿਆਂ ਨੇ ਕੀਤਾ ਸੀ।