ਕੀ ਹੈ ਦਿੱਲੀ ਸ਼ਰਾਬ ਘੋਟਾਲਾ? ਕਿਉਂ ਹੋਈ ਕੇਜਰੀਵਾਲ ਦੀ ਹੋਈ ਗ੍ਰਿਫ਼ਤਾਰੀ? ਕਿੰਨੇ ਲੀਡਰ ਜੇਲ੍ਹ ‘ਚ ਹਨ ਬੰਦ ! ਪੜ੍ਹੋ ਪੂਰਾ ਮਾਮਲਾ

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਬੀਤੇ ਦਿਨ ਯਾਨਿ ਕਿ 21 ਮਾਰਚ ਨੂੰ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਗ੍ਰਿਫ਼ਤਾਰ ਕਰ ਲਿਆ। ਜਾਂਚ ਏਜੰਸੀ ਦਾ ਕਹਿਣਾ ਹੈ ਕਿ ਉਸ ਨੂੰ ਸ਼ਰਾਬ ਨੀਤੀ 2021-22 ਨੂੰ ਲਾਗੂ ਕਰਨ ਲਈ ਦੱਖਣੀ ਕਾਰੋਬਾਰੀਆਂ ਅਤੇ ਸਿਆਸਤਦਾਨਾਂ ਦੇ ਇੱਕ ਸਮੂਹ ਵੱਲੋਂ ਆਮ ਆਦਮੀ ਪਾਰਟੀ ਨੂੰ ਕਥਿਤ ਤੌਰ ‘ਤੇ 100 ਕਰੋੜ ਰੁਪਏ ਦੀ ਰਿਸ਼ਵਤ ਦੇਣ ਦੇ ਸਬੂਤ ਮਿਲੇ ਹਨ।

ਦਰਅਸਲ, ਇਸ ਮਾਮਲੇ ‘ਚ ਸੀਐਮ ਕੇਜਰੀਵਾਲ ਨੂੰ ਪੁੱਛਗਿੱਛ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਗਿਆ ਸੀ। ਸੀਐਮ ਕੇਜਰੀਵਾਲ ਚੌਥੇ ਹਾਈ ਪ੍ਰੋਫਾਈਲ ਨੇਤਾ ਹਨ ਜਿਨ੍ਹਾਂ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਤੋਂ ਪਹਿਲਾਂ ਦਿੱਲੀ ਆਬਕਾਰੀ ਨੀਤੀ 2021-22 ਮਾਮਲੇ ਵਿੱਚ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਭਾਰਤ ਰਾਸ਼ਟਰ ਸਮਿਤੀ ਦੀ ਸੀਨੀਅਰ ਨੇਤਾ ਕਵਿਤਾ ਨੂੰ ਗ੍ਰਿਫਤਾਰ ਕੀਤਾ ਹੈ।

ਦਸ ਦੇਈਏ ਕਿ ਈਡੀ ਨੇ ਇਸ ਮਾਮਲੇ ਵਿੱਚ ਮਨੀਸ਼ ਸਿਸੋਦੀਆ ਨੂੰ 26 ਫਰਵਰੀ 2023 ਨੂੰ ਗ੍ਰਿਫ਼ਤਾਰ ਕੀਤਾ ਸੀ। ਜਦੋਂ ਕਿ ਸੰਸਦ ਮੈਂਬਰ ਸੰਜੇ ਸਿੰਘ ਨੂੰ 4 ਅਕਤੂਬਰ, 2023 ਨੂੰ ਅਤੇ ਕੇ ਕਵਿਤਾ ਨੂੰ 15 ਮਾਰਚ, 2024 ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਈਡੀ ਨੇ ਦਾਅਵਾ ਕੀਤਾ ਹੈ ਕਿ ਦਿੱਲੀ ਦੀ ਆਬਕਾਰੀ ਨੀਤੀ ਤਹਿਤ ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਸਾਰੇ ਹਾਈ ਪ੍ਰੋਫਾਈਲ ਆਗੂਆਂ ਨਾਲ ਹੋਰ ਸਿਆਸੀ ਆਗੂਆਂ ਨੇ ਸਾਜ਼ਿਸ਼ ਰਚੀ ਸੀ। ਦੱਖਣ ਦਾ ਇੱਕ ਸਮੂਹ ਜਿਸ ਵਿੱਚ ਕਾਰੋਬਾਰੀ ਸਾਰਥ ਰੈਡੀ, ਮਗੁੰਟਾ ਸ਼੍ਰੀਨਿਵਾਸਲੁ ਰੈਡੀ ਅਤੇ ਕੇ ਕਵਿਤਾ ਸ਼ਾਮਲ ਸਨ। ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਇਸ ਗਰੁੱਪ ਵਿੱਚ ਸਨ। ਇਸ ਸਮੂਹ ਦੀ ਨੁਮਾਇੰਦਗੀ ਅਰੁਣ ਪਿੱਲਈ, ਅਭਿਸ਼ੇਕ ਬੋਇਨਾਪੱਲੀ ਅਤੇ ਬੁਚੀ ਬਾਬੂ ਨੇ ਕੀਤੀ। ਦਿੱਲੀ ਦੀ ਆਬਕਾਰੀ ਨੀਤੀ 2021-22 ਦੇ ਤਹਿਤ, ਇਸ ਦੱਖਣੀ ਸਮੂਹ ਨੂੰ 32 ਵਿੱਚੋਂ 9 ਜ਼ੋਨ ਅਲਾਟ ਕੀਤੇ ਗਏ ਸਨ।

ਜ਼ਿਕਰਯੋਗ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਸਾਊਥ ਗਰੁੱਪ ਨੇ ਆਮ ਆਦਮੀ ਪਾਰਟੀ ਦੇ ਆਗੂ ਵਿਜੇ ਨਾਇਰ ਨੂੰ ਐਡਵਾਂਸ ਵਿੱਚ ਕਰੀਬ 100 ਕਰੋੜ ਰੁਪਏ ਦੀ ਰਿਸ਼ਵਤ ਦਿੱਤੀ ਸੀ।

Advertisement