ਖਾਲਿਸਤਾਨ ਪੱਖੀ ਸਿੱਖ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਰਿਪੋਰਟਿੰਗ ਕਰਨ ਵਾਲੀ ਆਸਟ੍ਰੇਲੀਅਨ ਪੱਤਰਕਾਰ ਨੇ ਭਾਰਤ ਛੱਡ ਦਿੱਤਾ ਹੈ। ਉਸ ਨੇ ਇਲਜ਼ਾਮ ਲਾਇਆ ਹੈ ਕਿ ਭਾਰਤ ਸਰਕਾਰ ਵੱਲੋਂ ਵੀਜ਼ਾ ਨਾ ਵਧਾਉਣ ਕਾਰਨ ਉਸ ਨੂੰ ਵਾਪਸ ਜਾਣਾ ਪਿਆ ਹੈ। ਆਸਟ੍ਰੇਲੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (ਏਬੀਸੀ) ਦੀ ਦੱਖਣੀ ਏਸ਼ੀਆ ਬਿਊਰੋ ਦੀ ਮੁਖੀ ਅਵਨੀ ਡਾਇਸ ਨੇ ਇਹ ਦਾਅਵਾ ਆਪਣੇ ਸੋਸ਼ਲ ਮੀਡੀਆ ਪੇਜ਼ ਉਪਰ ਕੀਤਾ ਹੈ।
ਦਰਅਸਲ ਆਸਟ੍ਰੇਲੀਅਨ ਪੱਤਰਕਾਰ ਨੇ ਦਾਅਵਾ ਕੀਤਾ ਕਿ ਸਰਕਾਰ ਵੱਲੋਂ ਵਰਕ ਵੀਜ਼ਾ ਦੀ ਮਿਆਦ ਵਧਾਏ ਜਾਣ ਤੋਂ ਇਨਕਾਰ ਕੀਤੇ ਜਾਣ ਮਗਰੋਂ ਉਸ ਨੂੰ ਭਾਰਤ ਛੱਡਣ ਲਈ ਮਜਬੂਰ ਹੋਣਾ ਪਿਆ। ਉਸ ਨੇ ਕਿਹਾ ਕਿ ਭਾਰਤ ਸਰਕਾਰ ਨੇ ਵਰਕ ਵੀਜ਼ਾ ਦੀ ਮਿਆਦ ਵਧਾਉਣ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਕਿ ਉਸ ਦੀਆਂ ਰਿਪੋਰਟਾਂ ‘ਸੀਮਾਵਾਂ ਦੀ ਉਲੰਘਣਾ’ ਹਨ।
ਅਵਨੀ ਡਾਇਸ ਨੇ ਕਿਹਾ ਕਿ ਸਿੱਖ ਲੀਡਰ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਰਿਪੋਰਟਿੰਗ ਕਰਨ ਕਾਰਨ ਭਾਰਤ ਸਰਕਾਰ ਵੱਲੋਂ ਇਤਰਾਜ਼ ਜਤਾਏ ਜਾਣ ਮਗਰੋਂ ਲੋਕ ਸਭਾ ਚੋਣਾਂ ਵਾਲੇ ਦਿਨ 19 ਅਪਰੈਲ ਨੂੰ ਉਸ ਨੂੰ ਭਾਰਤ ਛੱਡਣਾ ਪਿਆ। ਡਾਇਸ ਨੇ ‘ਐਕਸ’ ’ਤੇ ਕਿਹਾ, ‘‘ਪਿਛਲੇ ਹਫ਼ਤੇ ਮੈਨੂੰ ਅਚਾਨਕ ਭਾਰਤ ਛੱਡਣਾ ਪਿਆ। ਮੋਦੀ ਸਰਕਾਰ ਨੇ ਇਹ ਕਹਿੰਦਿਆਂ ਮੇਰਾ ਵੀਜ਼ਾ ਵਧਾਉਣ ਤੋਂ ਇਨਕਾਰ ਕਰ ਦਿੱਤਾ ਕਿ ਮੇਰੀਆਂ ਰਿਪੋਰਟਾਂ ‘ਸੀਮਾਵਾਂ ਦੀ ਉਲੰਘਣਾ’ ਹਨ।’’
ਡਾਇਸ ਨੇ ਕਿਹਾ, ‘‘ਸਾਨੂੰ ਇਹ ਵੀ ਦੱਸਿਆ ਗਿਆ ਕਿ ਭਾਰਤੀ ਮੰਤਰਾਲੇ ਦੇ ਨਿਰਦੇਸ਼ ਕਾਰਨ ਮੈਨੂੰ ਚੋਣਾਂ ਸਬੰਧੀ ਰਿਪੋਰਟਿੰਗ ਕਰਨ ਦੀ ਮਾਨਤਾ ਵੀ ਨਹੀਂ ਮਿਲੇਗੀ। ਅਸੀਂ ਉਸ ਦੇਸ਼ ਦੀਆਂ ਚੋਣਾਂ ਤੋਂ ਇੱਕ ਦਿਨ ਪਹਿਲਾਂ ਨਿਕਲੇ ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ‘ਲੋਕਤੰਤਰ ਦੀ ਮਾਂ’ ਆਖਦੇ ਹਨ।’’ ਡਾਇਸ ਪਿਛਲੇ ਢਾਈ ਸਾਲ ਤੋਂ ਭਾਰਤ ਵਿੱਚ ਕੰਮ ਕਰ ਰਹੀ ਸੀ।