ਦਿੱਲੀ ਦੀ ਆਤਿਸ਼ੀ ਸਰਕਾਰ ਵੱਲੋਂ ਘੱਟੋ-ਘੱਟ ਉਜਰਤ ਦਰਾਂ ਵਿੱਚ ਵਾਧੇ ਦੇ ਐਲਾਨ ਤੋਂ ਬਾਅਦ ਹੁਣ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਵੀ ਮਜ਼ਦੂਰਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਘੱਟੋ-ਘੱਟ ਉਜਰਤ ਦਰਾਂ ਵਿੱਚ ਵਾਧੇ ਦਾ ਐਲਾਨ ਕੀਤਾ। ਕੇਂਦਰ ਨੇ ਮਜ਼ਦੂਰਾਂ, ਖਾਸ ਕਰਕੇ ਅਸੰਗਠਿਤ ਖੇਤਰ ਦੇ ਕਾਮਿਆਂ ਲਈ ਵੇਰੀਏਬਲ ਮਹਿੰਗਾਈ ਭੱਤੇ (ਵੀਡੀਏ) ਵਿੱਚ ਸੋਧ ਕਰਕੇ ਘੱਟੋ-ਘੱਟ ਉਜਰਤ ਵਧਾਉਣ ਦਾ ਐਲਾਨ ਕੀਤਾ ਹੈ। ਕਿਰਤ ਮੰਤਰਾਲੇ ਦੁਆਰਾ ਹੁਨਰ ਅਤੇ ਤਜ਼ਰਬੇ (ਅਕੁਸ਼ਲ, ਅਰਧ-ਹੁਨਰਮੰਦ, ਹੁਨਰਮੰਦ ਅਤੇ ਉੱਚ ਹੁਨਰਮੰਦ) ਦੇ ਆਧਾਰ ‘ਤੇ ਘੱਟੋ-ਘੱਟ ਉਜਰਤ ਦਰਾਂ ਨੂੰ ਏ, ਬੀ ਅਤੇ ਸੀ ਸ਼੍ਰੇਣੀਆਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ।

ਕਿਰਤ ਅਤੇ ਰੁਜ਼ਗਾਰ ਮੰਤਰਾਲੇ ਨੇ ਵੀਰਵਾਰ ਨੂੰ ਕਿਹਾ ਕਿ ਨਵੀਂ ਘੱਟੋ-ਘੱਟ ਉਜਰਤ ਦਰ ਦੇ ਅਨੁਸਾਰ ਜ਼ੋਨ ‘ਏ’ ਵਿੱਚ ਨਿਰਮਾਣ, ਸਵੀਪਿੰਗ, ਸਫ਼ਾਈ ਅਤੇ ਲੋਡਿੰਗ ਵਿੱਚ ਕੰਮ ਕਰਨ ਵਾਲੇ ਅਣ-ਹੁਨਰਮੰਦ ਕਾਮਿਆਂ ਲਈ ਘੱਟੋ-ਘੱਟ ਉਜਰਤ ਦਰ 783 ਰੁਪਏ ਪ੍ਰਤੀ ਦਿਨ (20,358 ਰੁਪਏ ਪ੍ਰਤੀ ਮਹੀਨਾ) ਹੋਵੇਗੀ। ਜਦਕਿ ਅਰਧ-ਹੁਨਰਮੰਦਾਂ ਲਈ ਤਨਖ਼ਾਹ 868 ਰੁਪਏ ਪ੍ਰਤੀ ਦਿਨ (22,568 ਰੁਪਏ ਪ੍ਰਤੀ ਮਹੀਨਾ) ਤੈਅ ਕੀਤੀ ਗਈ ਹੈ। ਇਸ ਦੇ ਨਾਲ ਹੀ, ਹੁਨਰਮੰਦ, ਕਲਰਕ ਅਤੇ ਨਿਹੱਥੇ ਚੌਕੀਦਾਰ ਲਈ ਤਨਖ਼ਾਹ 954 ਰੁਪਏ ਪ੍ਰਤੀ ਦਿਨ (24,804 ਰੁਪਏ ਪ੍ਰਤੀ ਮਹੀਨਾ) ਅਤੇ ਉੱਚ ਹੁਨਰਮੰਦ ਅਤੇ ਹਥਿਆਰਬੰਦ ਚੌਕੀਦਾਰ ਲਈ, ਤਨਖ਼ਾਹ 1,035 ਰੁਪਏ ਪ੍ਰਤੀ ਦਿਨ (26,910 ਰੁਪਏ ਪ੍ਰਤੀ ਮਹੀਨਾ) ਹੋਵੇਗੀ।
ਮੋਦੀ ਸਰਕਾਰ ਦੇ ਇਸ ਫੈਸਲੇ ਨਾਲ ਕੇਂਦਰੀ ਖੇਤਰ ਦੇ ਅਦਾਰਿਆਂ ਅੰਦਰ ਬਿਲਡਿੰਗ ਕੰਸਟਰੱਕਸ਼ਨ, ਲੋਡਿੰਗ ਅਤੇ ਅਨਲੋਡਿੰਗ, ਵਾਚ ਐਂਡ ਵਾਰਡ, ਸਵੀਪਿੰਗ, ਸਫ਼ਾਈ, ਹਾਊਸਕੀਪਿੰਗ, ਮਾਈਨਿੰਗ ਅਤੇ ਖੇਤੀਬਾੜੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਲੱਗੇ ਕਾਮਿਆਂ ਨੂੰ ਸੋਧੀਆਂ ਉਜਰਤਾਂ ਦਰਾਂ ਤੋਂ ਲਾਭ ਮਿਲੇਗਾ।ਕੇਂਦਰ ਸਰਕਾਰ ਦਾ ਇਹ ਫੈਸਲਾ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਬੁੱਧਵਾਰ ਨੂੰ ਘੱਟੋ-ਘੱਟ ਤਨਖਾਹ ਦਰਾਂ ‘ਚ ਵਾਧੇ ਦਾ ਐਲਾਨ ਕੀਤਾ ਹੈ।