ਪਟਿਆਲਾ ‘ਚ ਜਨਮ ਦਿਨ ‘ਤੇ ਕੇਕ ਖਾਣ ਕਾਰਨ 10 ਸਾਲਾ ਮਾਸੂਮ ਮਾਨਵੀ ਦੀ ਮੌਤ ਦਾ ਮਾਮਲਾ ਪੰਜਾਬ ਅਤੇ ਹਰਿਆਣਾ ਤੱਕ ਪਹੁੰਚ ਗਿਆ ਹੈ। ਇਸ ਮਾਮਲੇ ‘ਤੇ ਅੱਜ ਸੁਣਵਾਈ ਹੋਵੇਗੀ। ਮਾਮਲੇ ਵਿੱਚ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਸਮੇਤ ਕਈ ਲੋਕਾਂ ਨੂੰ ਧਿਰ ਬਣਾਇਆ ਗਿਆ ਹੈ। ਇਸ ਸਬੰਧੀ ਮੁਹਾਲੀ ਦੇ ਵਕੀਲ ਕੁੰਵਰ ਪਾਹੁਲ ਸਿੰਘ ਵੱਲੋਂ ਜਨਹਿਤ ਪਟੀਸ਼ਨ ਦਾਇਰ ਕੀਤੀ ਗਈ ਹੈ।
ਪਟੀਸ਼ਨਕਰਤਾ ਦੀ ਤਰਫੋਂ ਪਟੀਸ਼ਨ ‘ਚ ਦਲੀਲ ਦਿੱਤੀ ਗਈ ਹੈ ਕਿ 2016 ‘ਚ ਇਕ ਹੋਰ ਮਾਮਲੇ ‘ਚ ਸੁਪਰੀਮ ਕੋਰਟ ਨੇ ਸਾਰੇ ਸੂਬਿਆਂ ਨੂੰ ਫੂਡ ਸੇਫਟੀ ਐਂਡ ਸਟੈਂਡਰਡ ਐਕਟ ਦੀ ਪਾਲਣਾ ਯਕੀਨੀ ਬਣਾਉਣ ਦਾ ਹੁਕਮ ਦਿੱਤਾ ਸੀ। ਅਦਾਲਤ ਨੇ ਕੇਂਦਰ ਅਤੇ ਰਾਜ ਨੂੰ ਹੁਕਮ ਦਿੱਤਾ ਸੀ ਕਿ ਉਹ ਡੇਅਰੀ ਅਤੇ ਭੋਜਨ ਨਾਲ ਸਬੰਧਤ ਕੰਮ ਕਰਨ ਵਾਲਿਆਂ ਨੂੰ ਚfਤਾਵਨੀ ਦੇਣ ਅਤੇ ਦੱਸਣ ਕਿ ਜੇਕਰ ਅਜਿਹਾ ਸਾਬਤ ਹੁੰਦਾ ਹੈ ਤਾਂ ਉਨ੍ਹਾਂ ਵਿਰੁੱਧ ਠੋਸ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਅਮਨ ਨਗਰ, ਪਟਿਆਲਾ ਦੀ ਰਹਿਣ ਵਾਲੀ ਕਾਜਲ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ 24 ਮਾਰਚ ਨੂੰ ਸ਼ਾਮ 6 ਵਜੇ ਇੱਕ ਆਨਲਾਈਨ ਕੰਪਨੀ ਤੋਂ ਕੇਕ ਮੰਗਵਾਇਆ ਸੀ। ਸ਼ਾਮ ਕਰੀਬ 6.30 ਵਜੇ ਜੋਮੈਟੋ ਕੰਪਨੀ ਵੱਲੋਂ ਕੇਕ ਉਨ੍ਹਾਂ ਦੇ ਘਰ ਪਹੁੰਚਾਇਆ ਗਿਆ। 7.15 ਵਜੇ ਕੇਕ ਕੱਟਿਆ ਗਿਆ। ਕੇਕ ਖਾਣ ਤੋਂ ਬਾਅਦ ਮਾਨਵੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਹਾਲਤ ਵਿਗੜ ਗਈ। ਸਾਰਿਆਂ ਨੂੰ ਉਲਟੀਆਂ ਆਉਣ ਲੱਗੀਆਂ।