ਕੈਨੇਡੀਅਨ ਪੁਲਿਸ ਨੇ ਭਾਰਤੀ ਅਧਿਕਾਰੀਆਂ ਉੱਤੇ ਸਵਾਲੀਆ ਨਿਸ਼ਾਨ ਲਾਉਂਦਿਆਂ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਜ਼ਿਕਰ ਕੀਤਾ। ਭਾਰਤ ਵੱਲੋਂ ਆਪਣੇ ਡਿਪਲੋਮੈਟਾਂ ਨੂੰ ਵਾਪਸ ਬੁਲਾਏ ਜਾਣ ਦੇ ਕੁਝ ਘੰਟਿਆਂ ਬਾਅਦ, RCMP ਯਾਨੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਦੋਸ਼ ਲਾਇਆ ਹੈ ਕਿ ਭਾਰਤ ਸਰਕਾਰ ਦੇ ਏਜੰਟ ਕੈਨੇਡਾ ਵਿੱਚ ਦਹਿਸ਼ਤ ਫੈਲਾਉਣ ਲਈ ਲਾਰੈਂਸ ਬਿਸ਼ਨੋਈ ਗੈਂਗ ਨਾਲ ਮਿਲ ਕੇ ਕੰਮ ਕਰ ਰਹੇ ਹਨ।
ਮੀਡੀਆ ਰਿਪੋਰਟਾਂ ਅਨੁਸਾਰ RCMP ਦੇ ਸਹਾਇਕ ਕਮਿਸ਼ਨਰ ਬ੍ਰਿਗੇਟ ਗੌਬਿਨ ਨੇ ਦੋਸ਼ ਲਾਇਆ, ‘ਅਸੀਂ ਦੇਖਿਆ ਹੈ ਕਿ ਸੰਗਠਿਤ ਅਪਰਾਧੀ ਤੱਤਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਖ਼ਾਸ ਤੌਰ ‘ਤੇ ਇੱਕ ਗੈਂਗ ਇਸ ਲਈ ਜ਼ਿੰਮੇਵਾਰ ਹੈ। ਬਿਸ਼ਨੋਈ ਗੈਂਗ ਭਾਰਤ ਦੇ ਏਜੰਟਾਂ ਨਾਲ ਜੁੜਿਆ ਹੋਇਆ ਹੈ। ਭਾਰਤ ਨੇ ਕੈਨੇਡਾ ਦੇ ‘ਬੇਬੁਨਿਆਦ ਦੋਸ਼ਾਂ’ ਦਾ ਖੰਡਨ ਕੀਤਾ ਤੇ ਚੇਤਾਵਨੀ ਦਿੱਤੀ ਕਿ ਉਸ ਨੂੰ ਜਵਾਬ ਵਿੱਚ ਹੋਰ ਕਦਮ ਚੁੱਕਣ ਦਾ ਵੀ ਅਧਿਕਾਰ ਹੈ।
ਦਸ ਦੇਈਏ ਕਿ ਇਸ ਤੋਂ ਪਹਿਲਾਂ ਵਾਸ਼ਿੰਗਟਨ ਪੋਸਟ ਵਿੱਚ ਇੱਕ ਖ਼ਬਰ ਛਪੀ ਸੀ ਜਿਸ ਵਿੱਚ ਪਿਛਲੇ ਸਾਲ ਇੱਕ ਸਿੱਖ ਵੱਖਵਾਦੀ ਦੇ ਕਤਲ ਦਾ ਜ਼ਿਕਰ ਕੀਤਾ ਗਿਆ ਸੀ। ਰਿਪੋਰਟ ਵਿੱਚ ਦੋਸ਼ ਲਾਇਆ ਗਿਆ ਸੀ ਕਿ ਭਾਰਤ ਸਰਕਾਰ ਅਜਿਹੇ ਆਪਰੇਸ਼ਨਾਂ ਲਈ ਲਾਰੈਂਸ ਬਿਸ਼ਨੋਈ ਦੀ ਵਰਤੋਂ ਕਰ ਰਹੀ ਹੈ।
ਇੰਡੀਅਨ ਐਕਸਪ੍ਰੈਸ ਦੇ ਅਨੁਸਾਰ, ਰਿਪੋਰਟ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਕੈਨੇਡਾ ਵਿੱਚ ਭਾਰਤੀ ਡਿਪਲੋਮੈਟ ਸ਼ੱਕੀ ਸਿੱਖ ਵੱਖਵਾਦੀਆਂ ਬਾਰੇ ਖੁਫੀਆ ਜਾਣਕਾਰੀ ਇਕੱਠੀ ਕਰਦੇ ਹਨ, ਜੋ ਕਿ ਫਿਰ ਰਾਅ ਨੂੰ ਦਿੱਤੀ ਜਾਂਦੀ ਹੈ ਤਾਂ ਜੋ ਬਿਸ਼ਨੋਈ ਦੀ ਅਗਵਾਈ ਵਾਲੇ ਗਰੋਹ ਦੇ ਨਿਸ਼ਾਨੇ ਦੀ ਪਛਾਣ ਕੀਤੀ ਜਾ ਸਕੇ।
ਸਥਾਨਕ ਪੁਲਿਸ ਮੁਤਾਬਕ, ਸਤੰਬਰ 2023 ਤੋਂ ਹੁਣ ਤੱਕ ਉਨ੍ਹਾਂ ਨੇ ਘੱਟੋ-ਘੱਟ 13 ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਉਨ੍ਹਾਂ ਨੇ ਕਿਹਾ, ‘ਕਤਲ ਮਾਮਲੇ ‘ਚ ਕਰੀਬ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਘੱਟੋ-ਘੱਟ 22 ਲੋਕਾਂ ਨੂੰ ਫਿਰੌਤੀ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਕੁਝ ਲੋਕਾਂ ਦੇ ਭਾਰਤ ਸਰਕਾਰ ਨਾਲ ਸਬੰਧ ਹਨ।