ਸਾਬਕਾ ਕ੍ਰਿਕਟਰ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਪੱਛਮੀ ਬੰਗਾਲ ਦੇ ਰਾਜਪਾਲ ਸੀ. ਵੀ. ਆਨੰਦ ਬੋਸ ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਚਿੱਠੀ ਲਿਖ ਕੇ ਕੋਲਕਾਤਾ ਦੇ ਸਰਕਾਰੀ ਹਸਪਤਾਲ ’ਚ ਟ੍ਰੇਨੀ ਡਾਕਟਰ ਦੇ ਕਥਿਤ ਜਬਰ-ਜ਼ਨਾਹ ਤੋਂ ਬਾਅਦ ਕਤਲ ਦੇ ਮਾਮਲੇ ’ਚ ਤੁਰੰਤ ਅਤੇ ਫੈਸਲਾਕੁੰਨ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।
ਹਰਭਜਨ ਸਿੰਘ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਕੋਲਕਾਤਾ ਜਬਰ-ਜ਼ਨਾਹ ਅਤੇ ਕਤਲ ਦੇ ਮਾਮਲੇ ’ਚ ਨਿਆਂ ’ਚ ਦੇਰੀ ’ਤੇ ਡੂੰਘਾ ਦੁੱਖ ਹੋਇਆ। ਇਸ ਘਟਨਾ ਨੇ ਸਾਡੀ ਸਾਰਿਆਂ ਦੀ ਅੰਤਰਆਤਮਾ ਨੂੰ ਝੰਜੋੜ ਦਿੱਤਾ ਹੈ। ਮੈਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਅਤੇ ਉਥੋਂ ਦੇ ਰਾਜਪਾਲ ਨੂੰ ਇਕ ਭਾਵੁਕ ਚਿੱਠੀ ਲਿਖ ਕੇ ਤੁਰੰਤ ਅਤੇ ਫੈਸਲਾਕੁੰਨ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।”