ਬੀਤੇ ਕਈ ਦਿਨਾਂ ਤੋਂ ਕੋਲਕਾਤਾ ਦੇ ਆਰ.ਜੀ. ਕਰ ਮੈਡੀਕਲ ਕਾਲਜ ‘ਚ ਦੂਜੇ ਸਾਲ ਦੀ ਪੋਸਟ ਗ੍ਰੈਜੂਏਟ ਮਹਿਲਾ ਡਾਕਟਰ ਨਾਲ ਹੋਏ ਜਬਰ-ਜਨਾਹ ਤੇ ਕਤਲ ਦੇ ਮਾਮਲੇ ਕਾਰਨ ਪੂਰੇ ਦੇਸ਼ ਦਾ ਮਾਹੌਲ ਗਰਮਾਇਆ ਹੋਇਆ ਹੈ। ਹਰ ਪਾਸੇ ਪੀੜਤਾ ਨੂੰ ਇਨਸਾਫ਼ ਦਿਵਾਉਣ ਲਈ ਆਵਾਜ਼ਾਂ ਉਠਾਈਆਂ ਜਾ ਰਹੀਆਂ ਹਨ।
ਇਸ ਦੌਰਾਨ ਮਾਮਲੇ ਦਾ ਮੁੱਖ ਦੋਸ਼ੀ ਸੰਜੈ ਰਾਏ, ਜੋ ਕਿ ਪੁਲਸ ‘ਚ ਸਿਵਿਕ ਵਾਲੰਟੀਅਰ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਬੀਤੇ ਦਿਨ ਪੀੜਤ ਡਾਕਟਰ ਦੇ ਮਾਪਿਆਂ ਦਾ ਬਿਆਨ ਸਾਹਮਣੇ ਆਇਆ ਸੀ ਕਿ ਮੁੱਖ ਮੰਤਰੀ ਮਮਤਾ ਬੈਨਰਜੀ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਦੇ ਦਾਅਵੇ ਕਰਦੇ ਆ ਰਹੇ ਹਨ ਤੇ ਸਭ ਨੂੰ ਇਕਜੁੱਟ ਹੋਣ ਲਈ ਵੀ ਕਹਿ ਰਹੇ ਹਨ, ਪਰ ਫ਼ਿਰ ਉਹ ਉਨ੍ਹਾਂ ਲੋਕਾਂ ਨੂੰ ਜੇਲ੍ਹਾਂ ‘ਚ ਕਿਉਂ ਸੁੱਟ ਰਹੇ ਹਨ, ਜੋ ਸੜਕਾਂ ‘ਤੇ ਉਤਰ ਕੇ ਉਸ ਦੀ ਧੀ ਨੂੰ ਇਨਸਾਫ਼ ਦਿਵਾਉਣ ਲਈ ਗੁਹਾਰ ਲਗਾ ਰਹੇ ਹਨ। ਉਨ੍ਹਾਂ ਕਿਹਾ ਸੀ ਕਿ ਮੁੱਖ ਮੰਤਰੀ ਜੋ ਕਰ ਰਹੇ ਹਨ, ਅਸੀਂ ਉਸ ਨਾਲ ਸੰਤੁਸ਼ਟ ਨਹੀਂ ਹਾਂ।
ਹੁਣ ਇਸ ਤੋਂ ਬਾਅਦ ਮਾਮਲੇ ਦੇ ਮੁੱਖ ਦੋਸ਼ੀ ਸੰਜੈ ਰਾਏ ਦੀ ਸੱਸ ਦੁਰਗਾ ਦੇਵੀ ਨੇ ਵੀ ਉਸ ਦੇ ਬਾਰੇ ਪਹਿਲੀ ਵਾਰ ਕੋਈ ਬਿਆਨ ਦਿੱਤਾ ਹੈ। ਉਸ ਨੇ ਦੱਸਿਆ ਕਿ ਸੰਜੈ ਦਾ ਪਹਿਲਾਂ ਵੀ ਇਕ ਵਿਆਹ ਹੋਇਆ ਸੀ, ਜਿਸ ‘ਚ ਉਸ ਦਾ ਤਲਾਕ ਹੋ ਗਿਆ ਸੀ। 2 ਸਾਲ ਪਹਿਲਾਂ ਹੀ ਉਸ ਦੀ ਧੀ ਨਾਲ ਸੰਜੈ ਨੇ ਦੂਜਾ ਵਿਆਹ ਕਰਵਾਇਆ ਸੀ। ਵਿਆਹ ਤੋਂ ਬਾਅਦ ਸੰਜੈ ਉਸ ਦੀ ਧੀ ਨਾਲ ਚੰਗਾ ਵਿਵਹਾਰ ਨਹੀਂ ਕਰਦਾ ਸੀ।