ਖਨੌਰੀ ਤੇ ਸ਼ੰਭੂ ਬਾਰਡਰ ਉਪਰ ਵੱਡੀ ਹਿੱਲ਼ਜੁਲ! ਪੁਲਿਸ ਚੌਕਸੀ ਵਧੀ


ਕੇਂਦਰ ਸਰਕਾਰ ਨਾਲ ਕਿਸਾਨ ਲੀਡਰਾਂ ਦੀ ਮੀਟਿੰਗ ਦੌਰਾਨ ਖਨੌਰੀ ਤੇ ਸ਼ੰਭੂ ਬਾਰਡਰ ਉਪਰ ਵੱਡੀ ਹਿੱਲ਼ਜੁਲ ਹੋਈ ਹੈ। ਦੋਵੇਂ ਥਾਵਾਂ ਉਪਰ ਲੱਗੇ ਕਿਸਾਨ ਮੋਰਚਿਆਂ ਉਪਰ ਵੱਡੀ ਗਿਣਤੀ ਪੁਲਿਸ ਪਹੁੰਚ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪੁਲਿਸ ਵੱਡੇ ਐਕਸ਼ਨ ਦੀ ਤਿਆਰੀ ਵਿੱਚ ਹੈ। ਸੂਤਰਾਂ ਮੁਤਾਬਕ ਚੰਡੀਗੜ੍ਹ ਵਿੱਚ ਮੀਟਿੰਗ ਦੌਰਾਨ ਕਿਸਾਨਾਂ ਨੂੰ ਅੱਜ ਫਾਈਨਲ ਆਫਰ ਦਿੱਤਾ ਜਾਵੇਗਾ। ਜੇਕਰ ਕਿਸਾਨ ਆਗੂਆਂ ਨੇ ਸਰਕਾਰ ਵੱਲੋਂ ਪੇਸ਼ ਆਫਰ ਨਹੀਂ ਮੰਨਿਆ ਤਾਂ ਖਨੌਰੀ ਤੇ ਸ਼ੰਭੂ ਮੋਰਚਾ ਅੱਜ ਪੁਲਿਸ ਵੱਲੋਂ ਸਾਫ਼ ਕੀਤਾ ਜਾਵੇਗਾ।

ਸੰਗਰੂਰ ਜ਼ਿਲ੍ਹੇ ਦੇ ਲੱਡਾ ਕੋਠੀ ਵਿੱਚ ਵੱਡੀ ਗਿਣਤੀ ਵਿੱਚ ਸਵੇਰ ਤੋਂ ਹੀ ਪੁਲਿਸ ਬਲ ਇਕੱਠੇ ਹੋ ਰਹੇ ਹਨ। ਇੱਥੇ 3-4 ਜ਼ਿਲ੍ਹਿਆਂ ਦੀ ਪੁਲਿਸ ਇਕੱਠੀ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਦੀਆਂ ਆਪਣੀਆਂ ਗੱਡੀਆਂ ਹੋਣ ਦੇ ਬਾਵਜੂਦ ਪੁਲਿਸ ਨੇ PRTC ਦੀਆਂ 40 ਬੱਸਾਂ ਬੁੱਕ ਕਰਵਾਈਆਂ ਹਨ। ਦੁਕਾਨਾਂ ਤੇ ਢਾਬਿਆਂ ਉੱਪਰ ਵੱਡੀ ਗਿਣਤੀ ਵਿੱਚ ਪੁਲਿਸ ਇਕੱਠੀ ਹੋ ਰਹੀ ਹੈ। ਖੇਤਾਂ ਵਿੱਚ 40 ਦੇ ਲਗਪਗ ਸਰਕਾਰੀ ਤੇ ਪ੍ਰਾਈਵੇਟ ਬੱਸਾਂ, ਐਂਬੂਲੈਂਸ , ਵਾਟਰ ਕੈਨਨ ਟੈਂਕ ਸਭ ਤਿਆਰ ਹਨ।

MSP) ਤੇ ਹੋਰ ਮੰਗਾਂ ‘ਤੇ ਕੇਂਦਰ ਤੇ ਕਿਸਾਨਾਂ ਵਿਚਕਾਰ 7ਵੇਂ ਦੌਰ ਦੀ ਗੱਲਬਾਤ ਹੋ ਰਹੀ ਹੈ। ਕਿਸਾਨਾਂ ਵੱਲੋਂ ਸਾਂਝੇ ਕਿਸਾਨ ਮੋਰਚਾ (ਗੈਰ-ਰਾਜਨੀਤਕ) ਦੇ ਆਗੂ ਜਗਜੀਤ ਸਿੰਘ ਡੱਲੇਵਾਲ ਤੇ ਕਿਸਾਨ ਮਜ਼ਦੂਰ ਮੋਰਚਾ (ਕੇਐਮਐਮ) ਦੇ ਕਨਵੀਨਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ 28 ਕਿਸਾਨ ਆਗੂ ਪਹੁੰਚੇ ਹਨ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਪ੍ਰਹਿਲਾਦ ਜੋਸ਼ੀ ਤੇ ਪਿਊਸ਼ ਗੋਇਲ ਤੋਂ ਇਲਾਵਾ, ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਨ।

ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਅਚਾਨਕ ਪੰਜਾਬ ਸਰਕਾਰ ਨੇ ਸ਼ੰਭੂ ਤੇ ਖਨੌਰੀ ਸਰਹੱਦਾਂ ‘ਤੇ ਪੁਲਿਸ ਫੋਰਸ ਵਧਾ ਦਿੱਤੀ ਹੈ। ਸਿਰਫ਼ ਪੰਜਾਬ ਸਰਕਾਰ ਹੀ ਦੱਸ ਸਕਦੀ ਹੈ ਕਿ ਇਹ ਸਾਡੀ ਸੁਰੱਖਿਆ ਲਈ ਹੈ ਜਾਂ ਕੋਈ ਹੋਰ ਕਾਰਵਾਈ ਕੀਤੀ ਜਾ ਰਹੀ ਹੈ। ਅਸੀਂ ਇਸ ਬਾਰੇ ਸਰਕਾਰ ਨਾਲ ਗੱਲ ਕਰਾਂਗੇ। ਇਹ ਸਰਕਾਰ ਨੂੰ ਦੱਸਣਾ ਪਵੇਗਾ। ਮੀਟਿੰਗ ਤੋਂ ਪਹਿਲਾਂ ਮੁਹਾਲੀ ਤੋਂ ਚੰਡੀਗੜ੍ਹ ਆ ਰਹੇ ਕਿਸਾਨਾਂ ਨੂੰ ਚੰਡੀਗੜ੍ਹ ਪੁਲਿਸ ਨੇ ਸਰਹੱਦ ‘ਤੇ ਰੋਕ ਲਿਆ। ਪੁਲਿਸ ਨੇ ਲਗਪਗ 35-40 ਵਾਹਨਾਂ ਨੂੰ ਅੱਗੇ ਨਹੀਂ ਵਧਣ ਦਿੱਤਾ। ਪੁਲਿਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਜਾਣ ਦੇਣ ਦਾ ਕੋਈ ਹੁਕਮ ਨਹੀਂ ਮਿਲਿਆ। ਲਗਪਗ ਅੱਧੇ ਘੰਟੇ ਬਾਅਦ ਕਿਸਾਨਾਂ ਨੂੰ ਜਾਣ ਦਿੱਤਾ ਗਿਆ।

Advertisement