ਖਨੌਰੀ ਬਾਰਡਰ ਤੇ ਇੱਕ ਹੋਰ ਕਿਸਾਨ ਨੇ ਕੀਤੀ ਖੁਦਕੁਸ਼ੀ

ਹਰਿਆਣਾ-ਪੰਜਾਬ ਦੇ ਖਨੌਰੀ ਬਾਰਡਰ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਅੱਜ ਇੱਕ ਕਿਸਾਨ ਨੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕ ਦਾ ਨਾਂ ਗੁਰਮੀਤ ਸਿੰਘ ਦੱਸਿਆ ਜਾ ਰਿਹਾ ਹੈ। ਉਹ ਮਾਨਸਾ, ਪੰਜਾਬ ਦਾ ਵਸਨੀਕ ਸੀ। ਦੱਸਿਆ ਜਾ ਰਿਹਾ ਹੈ ਕਿ ਜਦੋਂ ਤੋਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਸੀ, ਉਦੋਂ ਤੋਂ ਉਹ ਸਰਹੱਦ ‘ਤੇ ਡੱਟਿਆ ਹੋਇਆ ਸੀ।

ਦਸਿਆ ਜਾ ਰਿਹਾ ਹੈ ਕਿ ਗੁਰਮੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨਾਲ ਸਬੰਧਤ ਸੀ। ਜਦੋਂ ਹੋਰ ਕਿਸਾਨ ਉੱਥੇ ਨਹੀਂ ਸਨ ਤਾਂ ਉਸ ਨੇ ਖੁਦਕੁਸ਼ੀ ਕਰ ਲਈ। ਉਸ ਨੇ ਅੱਜ ਸਵੇਰੇ ਕਰੀਬ 10.45 ਵਜੇ ਪਿੰਡ ਮੱਲਣ ਬਲਾਕ ਦੋਦਾ ਸ੍ਰੀ ਮੁਕਤਸਰ ਸਾਹਿਬ ਦੇ ਟੈਂਟ ਵਿੱਚ ਜਾ ਕੇ ਖੁਦਕੁਸ਼ੀ ਕਰ ਲਈ। ਜਦੋਂ ਕਿਸਾਨ ਵਾਪਸ ਆਏ ਤਾਂ ਗੁਰਮੀਤ ਨੇ ਫਾਹਾ ਲੈ ਲਿਆ। ਉਸ ਨੇ ਟਰਾਲੀ ਨਾਲ ਰੱਸੀ ਬੰਨ੍ਹੀ ਹੋਈ ਸੀ ਅਤੇ ਉਸ ਵਿੱਚ ਗਰਦਨ ਫਸਾ ਕੇ ਲੇਟ ਗਿਆ ਸੀ।

ਅੰਦੋਲਨ ਨਾਲ ਜੁੜੇ ਕਿਸਾਨਾਂ ਨੇ ਦੱਸਿਆ ਕਿ ਕਿਸਾਨ ਗੁਰਮੀਤ ਇਸ ਅੰਦੋਲਨ ਨੂੰ ਲੈ ਕੇ ਕਾਫੀ ਗੰਭੀਰ ਸੀ। ਉਹ ਘੱਟ ਹੀ ਘਰ ਜਾਂਦਾ ਸੀ। ਸੂਤਰ ਦੱਸਦੇ ਹਨ ਕਿ ਉਸ ਦੇ ਸਿਰ ‘ਤੇ ਕਰਜ਼ਾ ਵੀ ਸੀ। ਇਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ। ਕੁਝ ਸਮਾਂ ਪਹਿਲਾਂ ਉਸ ਦੇ ਲੜਕੇ ਦਾ ਵਿਆਹ ਹੋਇਆ ਸੀ। ਪਰ ਉਹ ਇਸ ਵਿੱਚ ਹਿੱਸਾ ਲੈਣ ਵੀ ਨਹੀਂ ਗਿਆ ਸੀ। ਹਾਲਾਂਕਿ ਖੁਦਕੁਸ਼ੀ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ।

Advertisement