ਚੀਨ ਵਿਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਵਰਗੀ ਬਿਮਾਰੀ ਹਿਊਮਨ ਮੇਟਾਪਨੀਓਮੋਵਾਇਰਸ (HMPV) ਤੇਜ਼ੀ ਨਾਲ ਫੈਲ ਰਹੀ ਹੈ। ਉਥੋਂ ਦੇ ਹਸਪਤਾਲ ਮਰੀਜ਼ਾਂ ਨਾਲ ਭਰੇ ਪਏ ਹਨ। ਇੱਥੋਂ ਤੱਕ ਕਿ ਕਥਿਤ ਤੌਰ ਉਤੇ ਸ਼ਮਸ਼ਾਨਘਾਟ ਵਿੱਚ ਵੀ ਲਾਸ਼ਾਂ ਨੂੰ ਦਫ਼ਨਾਉਣ ਲਈ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ, ਪਰ ਚੀਨ ਇਸ ਗੱਲ ਨੂੰ ਮੰਨਣ ਲਈ ਤਿਆਰ ਨਹੀਂ ਹੈ। ਉਸ ਨੇ ਸੋਸ਼ਲ ਮੀਡੀਆ ‘ਤੇ ਫੈਲਾਈਆਂ ਜਾ ਰਹੀਆਂ ਅਜਿਹੀਆਂ ਵੀਡੀਓਜ਼ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ ਜੋ ਦਿਖਾਇਆ ਗਿਆ ਹੈ। ਬੀਜਿੰਗ ਨੇ ਇੱਥੋਂ ਤੱਕ ਕਿਹਾ ਕਿ ਚੀਨ ਵਿਦੇਸ਼ੀ ਸੈਲਾਨੀਆਂ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ।

ਚੀਨ ਦਾ ਇਹ ਬਿਆਨ ਬਿਲਕੁਲ ਉਸੇ ਤਰ੍ਹਾਂ ਦਾ ਹੈ, ਜੋ ਉਸ ਨੇ ਪੰਜ ਸਾਲ ਪਹਿਲਾਂ ਕੋਰੋਨਾ ਦੇ ਸਮੇਂ ਦਿੱਤਾ ਸੀ। ਚੀਨ ਨੇ ਸ਼ੁੱਕਰਵਾਰ ਨੂੰ ਦੇਸ਼ ਵਿੱਚ ਵੱਡੇ ਪੱਧਰ ‘ਤੇ ਫਲੂ ਫੈਲਣ ਦੀਆਂ ਰਿਪੋਰਟਾਂ ਨੂੰ ਨਕਾਰਦਿਆਂ ਕਿਹਾ ਕਿ ਸਰਦੀਆਂ ਵਿੱਚ ਸਾਹ ਦੀ ਬਿਮਾਰੀ ਦੇ ਮਾਮਲੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਘੱਟ ਗੰਭੀਰ ਸਨ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਵਿਦੇਸ਼ੀਆਂ ਲਈ ਚੀਨ ਦੀ ਯਾਤਰਾ ਕਰਨਾ ਪੂਰੀ ਤਰ੍ਹਾਂ ਸੁਰੱਖਿਅਤ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਚੀਨ ਵਿਚ ਇਨਫਲੂਐਂਜ਼ਾ ਏ ਅਤੇ ਸਾਹ ਦੀਆਂ ਹੋਰ ਬਿਮਾਰੀਆਂ ਦੇ ਫੈਲਣ ‘ਤੇ ਇਕ ਸਵਾਲ ਦੇ ਜਵਾਬ ਵਿਚ ਮੀਡੀਆ ਨੂੰ ਕਿਹਾ, “ਉੱਤਰੀ ਗੋਲਿਸਫਾਇਰ ਵਿਚ ਸਰਦੀਆਂ ਦੇ ਮੌਸਮ ਵਿਚ ਸਾਹ ਦੀ ਲਾਗ ਦੀਆਂ ਘਟਨਾਵਾਂ ਵਧ ਜਾਂਦੀਆਂ ਹਨ।”
ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਹ ਵੀ ਕਿਹਾ ਕਿ ਚੀਨ ਦੇ ਰਾਸ਼ਟਰੀ ਰੋਗ ਨਿਯੰਤਰਣ ਅਤੇ ਰੋਕਥਾਮ ਪ੍ਰਸ਼ਾਸਨ ਨੇ ਸਰਦੀਆਂ ਵਿੱਚ ਸਾਹ ਦੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਨਿਯੰਤਰਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਪਿਛਲੇ ਕੁਝ ਦਿਨਾਂ ਤੋਂ ਚੀਨ ਵਿੱਚ ਵੱਡੇ ਪੱਧਰ ‘ਤੇ ਫਲੂ ਦੇ ਪ੍ਰਕੋਪ ਦੀਆਂ ਖਬਰਾਂ ਫੈਲ ਰਹੀਆਂ ਹਨ। ਹਾਲਾਂਕਿ, ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪ੍ਰਕੋਪ ਹਰ ਸਾਲ ਸਰਦੀਆਂ ਵਿੱਚ ਹੁੰਦਾ ਹੈ। ਚੀਨ ‘ਚ ਪਿਛਲੇ ਕੁਝ ਮਹੀਨਿਆਂ ਤੋਂ ਬੇਹੱਦ ਠੰਡ ਪੈ ਰਹੀ ਹੈ।