ਗਿਆਨੀ ਹਰਪ੍ਰੀਤ ਸਿੰਘ ਖਿਲਾਫ ਐਕਸ਼ਨ ਮਗਰੋਂ ਪੰਥਕ ਧਿਰਾਂ ਵਿੱਚ ਆਇਆ ਭੂਚਾਲ

 ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਮੁਅੱਤਲ ਕਰਨ ਮਗਰੋਂ ਪੰਥਕ ਸਿਆਸਤ ਮੁੜ ਗਰਮਾ ਗਈ ਹੈ। ਇਸ ਫੈਸਲੇ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਿਰ ਕਸੂਤੀ ਘਿਰ ਗਈ ਹੈ। ਕਈ ਪੰਥਕ ਧਿਰਾਂ ਸਵਾਲ ਉਠਾ ਰਹੀਆਂ ਹਨ ਕਿ ਅਕਾਲੀ ਲੀਡਰਾਂ ਦੀਆਂ ਪੰਥ ਵਿਰੋਧੀ ਕਾਰਵਾਈਆਂ ਖਿਲਾਫ ਡਟਣ ਦੀ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਸਜ਼ਾ ਦਿੱਤੀ ਜਾ ਰਹੀ ਹੈ। 

ਉਧਰ, ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਨਾਲ ਸਬੰਧਤ ਰਹੇ ਸੀਨੀਅਰ ਅਕਾਲੀ ਆਗੂਆਂ ਨੇ ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ਼ ਸਾਜ਼ਿਸ਼ ਦੇ ਵਿਰੋਧ ਵਿੱਚ ਵੱਡਾ ਇਕੱਠ ਸੱਦਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਜਿਸ ਤਰੀਕੇ ਨਾਲ ਬੇਬੁਨਿਆਦ ਇਲਜ਼ਾਮ ਲਾ ਕੇ ਗੁਰਮਤਿ ਮਰਯਾਦਾ ਨੂੰ ਛਿੱਕੇ ਟੰਗ ਕੇ ਗਿਆਨੀ ਹਰਪ੍ਰੀਤ ਸਿੰਘ ਨੂੰ ਜ਼ਲੀਲ ਕਰਕੇ ਸੇਵਾ ਵਾਪਸ ਲਈ ਗਈ, ਉਸ ਨੇ ਸਿੱਖ ਕੌਮ ਦੀਆਂ ਸੰਸਥਾਵਾਂ ਦੀ ਭਰੋਸੇਯੋਗਤਾ, ਵਿਸ਼ਵਾਸ ਨੂੰ ਢਾਹ ਲਗਾਈ ਹੈ। 

ਬਾਗੀ ਧੜੇ ਦੇ ਅਕਾਲੀ ਆਗੂਆਂ ਨੇ ਕਿਹਾ ਕਿ ਅਗਲੇ ਦਿਨਾਂ ਦੌਰਾਨ ਤਖ਼ਤ ਸ੍ਰੀ ਦਮਦਮਾ ਸਾਹਿਬ ’ਤੇ ਵੱਡਾ ਇਕੱਠ ਕਰਕੇ ਸਾਰੀਆਂ ਪੰਥਕ ਧਿਰਾਂ ਨੂੰ ਨਾਲ ਲੈ ਕੇ ਇਸ ਸਾਜਿਸ਼ ਖ਼ਿਲਾਫ਼ ਮੋਰਚਾਬੰਦੀ ਕੀਤੀ ਜਾਵੇਗੀ। ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਤੇ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸੁੱਚਾ ਸਿੰਘ ਛੋਟੇਪੁਰ, ਸੰਤਾ ਸਿੰਘ ਉਮੈਦਪੁਰੀ, ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਇਸ ਸਾਜ਼ਿਸ਼ ਲਈ ਕੌਮ ਕਦੇ ਮੁਆਫ਼ ਨਹੀਂ ਕਰੇਗੀ।

ਸਿੱਖ ਆਗੂਆਂ ਨੇ ਕਿਹਾ ਕਿ ਕੌਮ ਨੂੰ ਢਾਅ ਲਗਾਉਣ ਵਾਲਿਆਂ ਅਤੇ ਪੰਥਕ ਦੋਖੀਆਂ ਦੀ ਕਤਾਰ ਵਿੱਚ ਸ਼ਾਮਲ ਸਾਜ਼ਿਸ਼ ਘਾੜਿਆਂ ਨੂੰ ਸੰਗਤ ਪਛਾਣ ਚੁੱਕੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਧੜੇ ਨੇ ਆਪਣੇ ਅਸਤੀਫ਼ਿਆਂ ਨੂੰ ਲਮਕਾਉਣ, ਮਨਮਰਜ਼ੀ ਨਾਲ ਹੁਕਮਨਾਮੇ ਵਿੱਚ ਤਬਦੀਲੀ ਕਰਵਾਉਣ ਅਤੇ ਤਖ਼ਤ ਸਾਹਿਬ ਤੋਂ ਬਣੀ ਕਮੇਟੀ ਨੂੰ ਦਰਕਿਨਾਰ ਕਰਨ ਲਈ ਇਹ ਸਾਜ਼ਿਸ਼ ਘੜੀ ਗਈ।

ਉਧਰ, ਗਿਆਨੀ ਹਰਪ੍ਰੀਤ ਸਿੰਘ ਨੇ ਜਾਂਚ ਲਈ ਬਣਾਈ ਕਮੇਟੀ ਬਾਰੇ ਅਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਦੋਸ਼ ਲਾਉਣ ਵਾਲਾ ਧੜਾ ਵੀ ਉਹੀ ਹੈ, ਉਹੀ ਧੜਾ ਜਾਂਚ ਕਰਵਾ ਰਿਹਾ ਹੈ ਤੇ ਉਹ ਹੀ ਫ਼ੈਸਲਾ ਕਰੇਗਾ। ਉਨ੍ਹਾਂ ਆਖਿਆ ਕਿ ਇਸ ਸਬੰਧੀ ਪਹਿਲਾਂ ਹੀ ਫ਼ੈਸਲਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਥੇਦਾਰਾਂ ਨੂੰ ਜ਼ਲੀਲ ਕਰਕੇ ਅਹੁਦੇ ਤੋਂ ਹਟਾਉਣ ਦਾ ਇਹ ਵਰਤਾਰਾ ਕੋਈ ਨਵਾਂ ਨਹੀਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੇਵਾਵਾਂ ਬਰਖ਼ਾਸਤ ਕਰਨ ਦਾ ਕੋਈ ਫ਼ਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਦੋਸ਼ਾਂ ਬਾਰੇ ਸਪਸ਼ਟੀਕਰਨ ਦੇ ਚੁੱਕੇ ਹਨ। ਸ਼ਹੀਦੀ ਪੰਦਰਵਾੜਾ ਖ਼ਤਮ ਹੋਣ ਤੋਂ ਬਾਅਦ ਉਹ ਮੰਗੇ ਕੁਝ ਹੋਰ ਸਵਾਲਾਂ ਦੇ ਜਵਾਬ ਦੇਣਗੇ।

Advertisement