ਪੰਜਾਬ ‘ਚ ਮੌਸਮ ਨੇ ਕਰਵਟ ਲੈ ਲਈ ਹੈ, ਜਿਸ ਕਾਰਨ ਮੌਸਮ ਸੁਹਾਵਣਾ ਹੋ ਗਿਆ ਹੈ। ਸ਼ੁੱਕਰਵਾਰ-ਸ਼ਨੀਵਾਰ ਦਰਮਿਆਨੀ ਰਾਤ ਨੂੰ ਹੋਈ ਬਾਰਿਸ਼ ਤੋਂ ਬਾਅਦ ਸ਼ਨੀਵਾਰ ਨੂੰ ਘੱਟੋ-ਘੱਟ ਤਾਪਮਾਨ ‘ਚ 4.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਪਿਛਲੇ ਕੁਝ ਦਿਨਾਂ ਤੋਂ ਘੱਟ ਬਾਰਿਸ਼ ਕਾਰਨ ਵੱਧ ਤੋਂ ਵੱਧ ਤਾਪਮਾਨ ਵਧ ਗਿਆ ਸੀ। ਪਰ ਹੁਣ ਮੀਂਹ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲੀ ਹੈ।
ਦਸ ਦੇਈਏ ਕਿ ਅੱਜ ਪੰਜਾਬ ਦੇ 9 ਜ਼ਿਲ੍ਹਿਆਂ ਅੰਮ੍ਰਿਤਸਰ, ਤਰਨਤਾਰਨ, ਫ਼ਿਰੋਜ਼ਪੁਰ, ਫ਼ਰੀਦਕੋਟ, ਮੋਗਾ, ਫ਼ਾਜ਼ਿਲਕਾ, ਮੁਕਤਸਰ, ਬਠਿੰਡਾ, ਬਰਨਾਲਾ ਅਤੇ ਮਾਨਸਾ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜਦੋਂ ਕਿ ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ ਅਤੇ ਫਰੀਦਕੋਟ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੀਂਹ ਦੇ ਨਾਲ-ਨਾਲ ਇੱਥੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਮੌਸਮ ਮਾਹਿਰਾਂ ਅਨੁਸਾਰ ਪੰਜਾਬ ‘ਚ ਦਬਾਅ ਵਾਲੇ ਹਾਲਾਤ ਨਹੀਂ ਬਣ ਰਹੇ ਹਨ, ਜਿਸ ਕਾਰਨ ਇੱਥੇ ਕੁਝ ਥਾਵਾਂ ‘ਤੇ ਹੀ ਮੀਂਹ ਪੈ ਰਿਹਾ ਹੈ।
ਦਸ ਦੇਈਏ ਕਿ ਬੀਤੀ ਰਾਤ ਅੰਮ੍ਰਿਤਸਰ ‘ਚ 22.6 ਮਿਲੀਮੀਟਰ, ਲੁਧਿਆਣਾ ‘ਚ 13.8 ਮਿਲੀਮੀਟਰ, ਪਟਿਆਲਾ ‘ਚ 4.8 ਮਿਲੀਮੀਟਰ, ਬਠਿੰਡਾ ‘ਚ 2.2 ਮਿ.ਮੀ., ਫਰੀਦਕੋਟ ‘ਚ 37.8 ਮਿ.ਮੀ., ਗੁਰਦਾਸਪੁਰ ‘ਚ 37.6 ਮਿ.ਮੀ., ਬਰਨਾਲਾ ‘ਚ 6 ਮਿ.ਮੀ., ਐੱਸ.ਬੀ.ਐੱਸ.ਨਗਰ ‘ਚ 4 ਮਿ.ਮੀ., ਫਤਹਿਗੜ੍ਹ ਸਾਹਿਬ ‘ਚ 34.5 ਮਿ.ਮੀ., ਫਿਰੋਜ਼ਪੁਰ ‘ਚ 4 ਮਿ.ਮੀ., ਪਠਾਨਕੋਟ ਵਿੱਚ 52.5 ਮਿਲੀਮੀਟਰ ਅਤੇ ਰੂਪਨਗਰ ਵਿੱਚ 11.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਜਿਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ ਘੱਟੋ-ਘੱਟ ਤਾਪਮਾਨ ‘ਚ 4.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ।