ਘਰ ਵਿਚ ਇਕੱਲੇ ਰਹਿੰਦੇ ਸ਼ਖ਼ਸ ਨੂੰ ਆਇਆ 4 ਕਰੋੜ ਦਾ ਬਿਜਲੀ ਬਿੱਲ

ਗਰਮੀਆਂ ਵਿਚ ਬਿਜਲੀ ਦੇ ਬਿੱਲਾਂ ਦਾ ਵਧਣਾ ਕੋਈ ਅਨੋਖੀ ਗੱਲ ਨਹੀਂ ਹੈ, ਪਰ ਸੈਕਟਰ 122 ਦੇ ਇੱਕ ਵਸਨੀਕ ਨੂੰ ਤਿੰਨ ਮਹੀਨਿਆਂ ਦਾ 4 ਕਰੋੜ ਰੁਪਏ ਤੋਂ ਵੱਧ ਦਾ ਬਿਜਲੀ ਬਿੱਲ ਆ ਗਿਆ ਹੈ। ਬਿਜਲੀ ਵੰਡ ਕੰਪਨੀ ਨੇ ਇਸ ਲਈ ਗਲਤ ਮੀਟਰ ਰੀਡਿੰਗ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਇਸ ਨੂੰ ਠੀਕ ਕਰਨ ਦਾ ਭਰੋਸਾ ਦਿੱਤਾ ਹੈ। ਸੈਕਟਰ ਦੇ ਮਕਾਨ ਨੰਬਰ ਸੀ-103 ਦੇ ਵਸਨੀਕ ਬਸੰਤ ਸ਼ਰਮਾ ਨੂੰ ਵੀਰਵਾਰ ਨੂੰ ਬਿਜਲੀ ਕੰਪਨੀ ਵੱਲੋਂ ਇੱਕ ਐਸਐਮਐਸ ਅਲਰਟ ਪ੍ਰਾਪਤ ਹੋਇਆ, ਜਿਸ ਵਿੱਚ ਉਸ ਨੂੰ ਦੱਸਿਆ ਗਿਆ ਕਿ ਉਸ ਦਾ 9 ਅਪ੍ਰੈਲ ਤੋਂ 18 ਜੁਲਾਈ ਤੱਕ ਤਿੰਨ ਮਹੀਨਿਆਂ ਦਾ ਬਿਜਲੀ ਦਾ ਬਿੱਲ 4,02,31,842.31 ਰੁਪਏ ਹੈ ਅਤੇ ਰਕਮ ਜਮ੍ਹਾਂ ਕਰਾਉਣ ਦੀ ਆਖਰੀ ਮਿਤੀ 24 ਜੁਲਾਈ ਸੀ।

ਇਸ ਐਸਐਮਐਸ ਵਿੱਚ ਕਿਹਾ ਗਿਆ ਸੀ ਕਿ ਜੇਕਰ ਭੁਗਤਾਨ ਨਿਰਧਾਰਤ ਮਿਤੀ ਦੇ ਅੰਦਰ ਕੀਤਾ ਜਾਂਦਾ ਹੈ, ਤਾਂ ਗਾਹਕ ਨੂੰ ਕੁੱਲ ਰਕਮ ‘ਤੇ 2.8 ਲੱਖ ਰੁਪਏ ਦੀ ਛੋਟ ਮਿਲ ਸਕਦੀ ਹੈ। ਸ਼ਰਮਾ ਨੇ ਕਿਹਾ ਕਿ ਉਹ ਇੰਨਾ ਜ਼ਿਆਦਾ ਬਿਜਲੀ ਦਾ ਬਿੱਲ ਦੇਖ ਕੇ ਹੈਰਾਨ ਰਹਿ ਗਏ ਹਨ। ਉਸ ਨੇ ਦੱਸਿਆ ਕਿ ਇਹ ਮਕਾਨ ਫਿਲਹਾਲ ਕਿਰਾਏ ਉਤੇ ਹੈ। ਮੇਰਾ ਕਿਰਾਏਦਾਰ, ਜੋ ਘਰ ਤੋਂ ਕੰਮ ਕਰਦਾ ਹੈ, ਬਿਲਿੰਗ ਦੀ ਮਿਆਦ ਦੇ ਦੌਰਾਨ ਘਰ ਵਿੱਚ ਰਹਿ ਰਿਹਾ ਇਕੱਲਾ ਵਿਅਕਤੀ ਸੀ। ਉਹ ਸਿਰਫ ਜ਼ਰੂਰੀ ਬਿਜਲੀ ਦੇ ਉਪਕਰਨਾਂ ਦੀ ਵਰਤੋਂ ਕਰਦਾ ਹੈ। ਕਿਉਂਕਿ ਮੈਂ ਸ਼ਹਿਰ ਤੋਂ ਬਾਹਰ ਹਾਂ, ਇਸ ਲਈ ਐਸਐਮਐਸ ਮਿਲਦੇ ਹੀ ਮੈਂ ਡਿਸਕੌਮ ਦੇ ਜੂਨੀਅਰ ਇੰਜੀਨੀਅਰ ਨੂੰ ਫ਼ੋਨ ਕੀਤਾ। ਉਨ੍ਹਾਂ ਮੈਨੂੰ ਭਰੋਸਾ ਦਿਵਾਇਆ ਕਿ ਬਿੱਲ ਵਿਚਲੀ ਤਰੁੱਟੀ ਨੂੰ ਠੀਕ ਕਰਕੇ ਮੈਨੂੰ ਭੇਜ ਦਿੱਤਾ ਜਾਵੇਗਾ।

ਬਸੰਤ ਸ਼ਰਮਾ ਭਾਰਤੀ ਰੇਲਵੇ ਵਿਚ ਕੰਮ ਕਰਦਾ ਹੈ ਅਤੇ ਇਸ ਸਮੇਂ ਅਧਿਕਾਰਤ ਸਿਖਲਾਈ ਲਈ ਸ਼ਿਮਲਾ ਵਿੱਚ ਹੈ। ਉਨ੍ਹਾਂ ਕਿਹਾ ਕਿ ਇਹ ਬਿੱਲ ਉਨ੍ਹਾਂ ਦੀ ਪਤਨੀ ਪ੍ਰਿਅੰਕਾ ਦੇ ਨਾਂ ਉਤੇ ਜਾਰੀ ਕੀਤਾ ਗਿਆ ਸੀ। ਬਿੱਲ ਦਰਸਾਉਂਦਾ ਹੈ ਕਿ 85,936 ਯੂਨਿਟਾਂ ਦੀ ਆਖਰੀ ਮੀਟਰ ਰੀਡਿੰਗ 8 ਅਪ੍ਰੈਲ ਨੂੰ ਲਈ ਗਈ ਸੀ ਅਤੇ 22 ਜੂਨ ਨੂੰ 1,476 ਰੁਪਏ ਦੀ ਅਦਾਇਗੀ ਕੀਤੀ ਗਈ ਸੀ। ਮੌਜੂਦਾ ਮੀਟਰ ਰੀਡਿੰਗ 18 ਜੁਲਾਈ ਨੂੰ 90,144 ਯੂਨਿਟ ਸੀ। ਇਸ ਵਿੱਚ ਬਕਾਇਆ ਰਕਮ 4.02 ਕਰੋੜ ਰੁਪਏ ਦੱਸੀ ਗਈ ਹੈ।

Advertisement