ਚੱਕਾ ਜਾਮ! ਰੇਲ ਸਫ਼ਰ ਕਰਨ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ

ਕਿਸਾਨੀ ਸੰਘਰਸ਼ ਲਗਾਤਾਰ ਜਾਰੀ ਹੈ। ਇਕ ਪਾਸੇ ਕਿਸਾਨ ਹਰਿਆਣਾ ਦੀਆਂ ਸਰਹੱਦਾਂ ‘ਤੇ ਡਟੇ ਹੋਏ ਹਨ ਤੇ ਉੱਥੇ ਹੀ ਉਨ੍ਹਾਂ ਨੂੰ ਫਿਲਹਾਲ ਦਿੱਲੀ ਜਾਣ ਦਾ ਫੈਸਲਾ ਮੁਲਤਵੀ ਕਰ ਦਿੱਤਾ ਹੈ। ਦਿੱਲੀ ਕਦੋਂ ਜਾਣਾ ਹੈ ਇਹ ਫੈਸਲਾ ਕੇਂਦਰ ਅਤੇ ਹਰਿਆਣਾ ਸਰਕਾਰ ‘ਤੇ ਛੱਡ ਦਿੱਤਾ ਹੈ। ਪਰ ਹੁਣ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਸੂਬੇ ‘ਚ ਰਹਿੰਦਿਆਂ ਹੀ ਆਪਣੇ ਅੰਦੋਲਨ ਨੂੰ ਲੜਨ ਦਾ ਫੈਸਲਾ ਕੀਤਾ ਹੈ। 

ਜਿਸ ਦੇ ਤਹਿਤ ਦੇਸ਼ ਭਰ ਵਿੱਚ ਐਤਵਾਰ ਯਾਨਿ ਕਿ ਕਲ ਨੂੰ ਰੇਲਾਂ ਦੇ ਚੱਕੇ ਜਾਮ ਕਰਨ ਦਾ ਐਲਾਨ ਕੀਤਾ ਹੈ। ਪੰਜਾਬ ਵਿੱਚ ਇਸ ਦਾ ਅਸਰ 18 ਜਿਲ੍ਹਿਆਂ ‘ਚ ਦੇਖਣ ਨੂੰ ਮਿਲੇਗਾ। ਕਿਸਾਨ ਮਜ਼ਦੂਰ ਮੋਰਚਾ, ਬੀਕੇਯੂ ਏਕਤਾ ਉਗਰਾਹਾਂ ਅਤੇ ਹੋਰ ਕਿਸਾਨ ਜਥੇਬੰਦੀਆਂ ਵੱਲੋਂ ਇਹ ਐਲਾਨ ਕੀਤਾ ਗਿਆ ਹੈ। ਇਕੱਲੇ ਪੰਜਾਬ ਵਿੱਚ ਹੀ 18 ਜ਼ਿਲ੍ਹਿਆਂ ਵਿੱਚ 30 ਤੋਂ ਵੱਧ ਥਾਵਾਂ ’ਤੇ ਰੇਲ ਮਾਰਗ ਜਾਮ ਕੀਤੇ ਜਾਣਗੇ। ਰੇਲ ਰੋਕੋ ਅੰਦੋਲਨ ਦੁਪਹਿਰ 12:00 ਵਜੇ ਤੋਂ ਸ਼ਾਮ 4:00 ਵਜੇ ਤੱਕ ਚੱਲੇਗਾ। ਕਿਸਾਨ ਆਪਣੇ ਪਰਿਵਾਰਾਂ ਸਮੇਤ ਇਸ ਅੰਦੋਲਨ ਵਿੱਚ ਹਿੱਸਾ ਲੈਣਗੇ।

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ‘ਚ ਵੱਧ ਤੋਂ ਵੱਧ 8 ਥਾਵਾਂ ‘ਤੇ ਕਿਸਾਨ ਧਰਨੇ ‘ਤੇ ਬੈਠਣਗੇ। ਫ਼ਿਰੋਜ਼ਪੁਰ ਵਿੱਚ 5 ਥਾਵਾਂ ਤੋਂ ਇਲਾਵਾ ਤਰਨਤਾਰਨ, ਗੁਰਦਾਸਪੁਰ, ਹੁਸ਼ਿਆਰਪੁਰ, ਮੋਗਾ, ਫ਼ਾਜ਼ਿਲਕਾ, ਮੁਕਤਸਰ, ਲੁਧਿਆਣਾ, ਜਲੰਧਰ, ਕਪੂਰਥਲਾ, ਫ਼ਰੀਦਕੋਟ, ਪਠਾਨਕੋਟ, ਬਠਿੰਡਾ ਵਿੱਚ ਕਿਸਾਨ ਪਟੜੀਆਂ ‘ਤੇ ਬੈਠਣਗੇ।

Advertisement