ਅੱਜ ਹਰਿਆਣਾ ਵਿੱਚ ਮਾਨਸੂਨ ਦੇ ਦਾਖ਼ਲ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸੂਬੇ ਦੇ 9 ਜ਼ਿਲ੍ਹਿਆਂ ਵਿੱਚ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇੱਥੇ ਤੇਜ਼ ਹਵਾਵਾਂ ਵੀ ਚੱਲਣਗੀਆਂ, ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉੱਥੇ ਹੀ ਮਾਨਸੂਨ ਵੀਰਵਾਰ ਸ਼ਾਮ ਨੂੰ ਹਿਮਾਚਲ ਦੇ ਰਸਤੇ ਪਠਾਨਕੋਟ ‘ਚ ਦਾਖਲ ਹੋਇਆ। ਅਨੁਮਾਨ ਹੈ ਕਿ ਅੱਜ ਮਾਨਸੂਨ ਪੰਜਾਬ ਦੇ ਕੁਝ ਹੋਰ ਜ਼ਿਲ੍ਹਿਆਂ ਅਤੇ ਚੰਡੀਗੜ੍ਹ ਵਿੱਚ ਵੀ ਦਸਤਕ ਦੇਵੇਗਾ। ਪਿਛਲੇ 6 ਦਿਨਾਂ ਤੋਂ ਝਾਰਖੰਡ ਤੋਂ ਮਾਨਸੂਨ ਅੱਗੇ ਨਹੀਂ ਵੱਧ ਰਿਹਾ ਸੀ ਪਰ ਇੱਕ ਹੀ ਦਿਨ ਵਿੱਚ ਉੱਤਰਾਖੰਡ, ਜੰਮੂ-ਕਸ਼ਮੀਰ ਤੋਂ ਬਾਅਦ ਮਾਨਸੂਨ ਨੇ ਹਿਮਾਚਲ ਅਤੇ ਪੰਜਾਬ ਵਿੱਚ ਵੀ ਦਸਤਕ ਦਿੱਤੀ।
ਮੌਸਮ ਵਿਭਾਗ ਨੇ ਚੰਡੀਗੜ੍ਹ ਅਤੇ ਹਰਿਆਣਾ ਤੋਂ ਇਲਾਵਾ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। ਪੰਜਾਬ ਅਤੇ ਹਰਿਆਣਾ ‘ਚ ਪਿਛਲੇ 2 ਦਿਨਾਂ ਤੋਂ ਹੋ ਰਹੀ ਬਾਰਿਸ਼ ਕਰਕੇ ਤਾਪਮਾਨ ‘ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਹਰਿਆਣਾ ਵਿੱਚ ਔਸਤਨ 2.3 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਪੰਜਾਬ ਦੇ ਸਾਰੇ ਸ਼ਹਿਰਾਂ ਦਾ ਤਾਪਮਾਨ 39 ਡਿਗਰੀ ਤੋਂ ਹੇਠਾਂ ਚਲਾ ਗਿਆ। ਇੱਥੇ ਔਸਤ ਤਾਪਮਾਨ ਵਿੱਚ 4.9 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਮੌਸਮ ਵਿਭਾਗ ਨੇ ਅੱਜ ਸਵੇਰੇ 9 ਵਜੇ ਤੱਕ ਨੂਹ, ਪਲਵਲ, ਫਰੀਦਾਬਾਦ, ਗੁਰੂਗ੍ਰਾਮ, ਰੇਵਾੜੀ, ਝੱਜਰ, ਰੋਹਤਕ, ਸੋਨੀਪਤ, ਪਾਣੀਪਤ ਵਿੱਚ ਗਰਜ਼-ਤੂਫ਼ਾਨ/ਬਿਜਲੀ/ਅਚਾਨਕ ਤੇਜ਼ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟਾ) ਨਾਲ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।