ਜਲੰਧਰ ‘ਚ ਕਿਰਾਏ ਦੇ ਮਕਾਨ ‘ਚ ਰਹਿਣਗੇ CM ਮਾਨ, ਜਾਣੋ ਵਜ੍ਹਾ

ਪੰਜਾਬ ਵਿਚ ਲੋਕ ਸਭਾ ਚੋਣਾਂ ਵਿਚ ਮਿਸ਼ਨ 13-0 ਦੀ ਅਸਫਲਤਾ ਦੇ ਬਾਅਦ ਆਮ ਆਦਮੀ ਪਾਰਟੀ ਸਰਕਾਰ ਦੀ ਸਾਖ ਦਾਅ ‘ਤੇ ਲੱਗੀ ਹੈ। ਸਿਰਫ 3 ਲੋਕ ਸਭਾ ਸੀਟਾਂ ਜਿੱਤਣ ਦੇ ਬਾਅਦ ਹੁਣ ਸਿਰਫ ਇਕ ਵਿਧਾਨ ਸਭਾ ਸੀਟ ਹੀ ‘ਆਪ’ ਦਾ ਅਕਸ ਸੁਧਾਰ ਸਕਦੀ ਹੈ। ਇਹ ਸੀਟ ਜਲੰਧਰ ਪੱਛਮੀ ਵਿਧਾਨ ਸਭਾ ਦੀ ਹੈ। ਜਲੰਧਰ ਦੀ ਜ਼ਿਮਨੀ ਚੋਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਸੂਤਰਾਂ ਮੁਤਾਬਕ ਸੀਐੱਮ ਭਗਵੰਤ ਮਾਨ ਹੁਣ ਚੋਣਾਂ ਸੰਪੰਨ ਹੋਣ ਤੱਕ ਜਲੰਧਰ ਕੈਂਟ ਦੇ ਦੀਪ ਨਗਰ ਵਿਚ ਕਿਰਾਏ ਦੇ ਮਕਾਨ ਵਿਚ ਰਹਿਣਗੇ।

ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਤੇ ਭੈਣ ਮਨਪ੍ਰੀਤ ਕੌਰ ਵੀ ਉਨ੍ਹਾਂ ਨਾਲ ਰਹੇਗੀ। ਸੀਐੱਮ ਮਾਨ ਜਲਦ ਹੀ ਦੀਪ ਨਗਰ ਵਿਚ ਸ਼ਿਫਟ ਹੋ ਜਾਣਗੇ। ਇਹ ਫੈਸਲਾ ਕੱਲ੍ਹ ਚੰਡੀਗੜ੍ਹ ਵਿਚ ਹੋਈ ਬੈਠਕ ਦੇ ਬਾਅਦ ਲਿਆ ਗਿਆ ਹੈ। ਇਹ ਉਨ੍ਹਾਂ ਦਾ ਨਵਾਂ ਟਿਕਾਣਾ ਸਿਰਫ ਜ਼ਿਮਨੀ ਚੋਣ ਤੱਕ ਇਕ ਮਹੀਨੇ ਲਈ ਨਹੀਂ ਸਗੋਂ 2027 ਦੀਆਂ ਵਿਧਾਨ ਸਭਾ ਚੋਣਾਂ ਤੱਕ ਰਹੇਗਾ।

ਸੀਐੱਮ ਮਾਨ ਹਫਤੇ ਵਿਚ ਤਿੰਨ ਦਿਨ ਇਸੇ ਘਰ ਵਿਚ ਰਹਿਣਗੇ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਨਾਲ ਦੁਆਬਾ ਤੇ ਮਾਝਾ ਇਲਾਕੇ ਦੇ ਨੇਤਾਵਾਂ ਤੇ ਲੋਕਾਂ ਨਾਲ ਉਹ ਨਜ਼ਦੀਕੀ ਸੰਪਰਕ ਵਿਚ ਰਹਿਣਗੇ। ‘ਸਰਕਾਰ ਆਪ ਕੇ ਦੁਆਰ’ ਨਾਲ ਇਸ ਨੂੰ ਬੜ੍ਹਾਵਾ ਮਿਲੇਗਾ। ਦੱਸ ਦੇਈਏ ਕਿ ਲੋਕ ਸਭਾ ਜ਼ਿਮਨੀ ਚੋਣਾਂ ਦੌਰਾਨ ਸੀਐੱਮ ਮਾਨ ਤੇ ਉਨ੍ਹਾਂ ਦੀ ਟੀਮ ਹੋਟਲਾਂ ਵਿਚ ਹੀ ਰੁਕੀ ਸੀ। ਪਰ ਇਸ ਵਾਰ ਉਪ ਚੋਣਾਂ ਲਈ ਸੀਐੱਮ ਮਾਨ ਨੇ ਜਲੰਧਰ ਵਿਚ ਕਿਰਾਏ ‘ਤੇ ਘਰ ਲੈਣ ਦਾ ਫੈਸਲਾ ਲਿਆ ਹੈ।

Advertisement