ਅਮਰੀਕਾ ਵਿੱਚ ਜ਼ਬਰਦਸਤ ਭੂਚਾਲ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਅਮਰੀਕਾ ਦੇ ਉੱਤਰੀ ਕੈਲੀਫੋਰਨੀਆ ਵਿਚ 7.0 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਇੰਨੇ ਜ਼ਬਰਦਸਤ ਸਨ ਕਿ ਇਮਾਰਤਾਂ ਹਿੱਲ ਗਈਆਂ। ਅਮਰੀਕੀ ਪੱਛਮੀ ਤੱਟ ‘ਤੇ ਰਹਿਣ ਵਾਲੇ 53 ਲੱਖ ਲੋਕਾਂ ਨੂੰ ਸੁਨਾਮੀ ਦੀ ਚਿਤਾਵਨੀ ਵੀ ਜਾਰੀ ਕਰਨੀ ਪਈ।
ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂਐਸਜੀਐਸ) ਦੇ ਅਨੁਸਾਰ ਵੀਰਵਾਰ ਨੂੰ ਸਥਾਨਕ ਸਮੇਂ ਅਨੁਸਾਰ 10:44 ਵਜੇ, 1,000 ਤੋਂ ਵੱਧ ਆਬਾਦੀ ਵਾਲੇ ਉੱਤਰੀ ਕੈਲੀਫੋਰਨੀਆ ਦੇ ਹੰਬੋਲਡਟ ਕਾਉਂਟੀ ਦੇ ਇੱਕ ਸ਼ਹਿਰ, ਫਰਨਡੇਲ ਤੋਂ ਲਗਭਗ 100 ਕਿਲੋਮੀਟਰ ਉੱਤਰ-ਪੱਛਮ ਵਿੱਚ ਇੱਕ ਸੰਮੁਦਰੀ ਖੇਤਰ ਵਿੱਚ ਭੂਚਾਲ ਆਇਆ। ਭੂਚਾਲ ਦੇ ਝਟਕੇ ਦੱਖਣੀ ਸਾਨ ਫਰਾਂਸਿਸਕੋ ਤੱਕ ਮਹਿਸੂਸ ਕੀਤੇ ਗਏ। ਸਾਨ ਫਰਾਂਸਿਸਕੋ ਇੱਥੋਂ 435 ਕਿਲੋਮੀਟਰ ਦੂਰ ਹੈ। ਇੱਥੇ ਲੋਕਾਂ ਨੇ ਕੁਝ ਸਕਿੰਟਾਂ ਲਈ ਧਰਤੀ ਹਿੱਲਦੀ ਮਹਿਸੂਸ ਕੀਤੀ। ਇਸ ਤੋਂ ਬਾਅਦ ਭੂਚਾਲ ਦੇ ਕਈ ਛੋਟੇ ਝਟਕੇ ਵੀ ਆਏ। ਹਾਲਾਂਕਿ ਅਜੇ ਤੱਕ ਕਿਸੇ ਵੱਡੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਭੂਚਾਲ ਤੋਂ ਬਾਅਦ ਸੁਨਾਮੀ ਦੀ ਚਿਤਾਵਨੀ ਕਰੀਬ ਇਕ ਘੰਟੇ ਤੱਕ ਜਾਰੀ ਰਹੀ। ਇਹ ਚਿਤਾਵਨੀ ਭੂਚਾਲ ਦੇ ਤੁਰੰਤ ਬਾਅਦ ਜਾਰੀ ਕੀਤੀ ਗਈ ਸੀ। ਚੇਤਾਵਨੀ ਕੈਲੀਫੋਰਨੀਆ ਵਿੱਚ ਮੋਂਟੇਰੀ ਬੇ ਦੇ ਕਿਨਾਰੇ ਤੋਂ ਓਰੇਗਨ ਤੱਕ ਲਗਭਗ 500 ਮੀਲ (805 ਕਿਲੋਮੀਟਰ) ਤੱਕ ਫੈਲੇ ਤੱਟਵਰਤੀ ਖੇਤਰਾਂ ਲਈ ਸੀ। 50 ਲੱਖ ਤੋਂ ਵੱਧ ਲੋਕਾਂ ਨੂੰ ਸੁਨਾਮੀ ਦਾ ਖਤਰਾ ਸੀ। ਗੋਲਡਨ ਗੇਟ ਮਰਕੈਂਟਾਈਲ ਫਰੈਂਡੇਲ ਦੇ ਮਾਲਕ ਮੁਤਾਬਕ ਭੂਚਾਲ ਦੇ ਝਟਕੇ ਬਹੁਤ ਜ਼ਬਰਦਸਤ ਸਨ। ਇਮਾਰਤ ਹਿੱਲ ਗਈ। ਅਸੀਂ ਠੀਕ ਹਾਂ ਪਰ ਇੱਥੇ ਅਜੇ ਵੀ ਬਹੁਤ ਸਾਰਾ ਸਮਾਨ ਖਿੱਲਰਿਆ ਪਿਆ ਹੈ।
ਇਸ ਦੀ ਸ਼ੁਰੂਆਤ ਵਿੱਚ 6.6-ਤੀਬਰਤਾ ਦੇ ਭੂਚਾਲ ਵਜੋਂ ਰਿਪੋਰਟ ਕੀਤੀ ਗਈ ਸੀ, ਅਤੇ USGS ਵੱਲੋਂ ਇਸ ਨੂੰ 7.0 ਤੱਕ ਅੱਪਗ੍ਰੇਡ ਕੀਤਾ ਗਿਆ ਸੀ। ਸਿਨਹੂਆ ਨਿਊਜ਼ ਏਜੰਸੀ ਨੇ ਦੱਸਿਆ ਕਿ ਭੂਚਾਲ ਦੇ ਕੇਂਦਰ ਦੀ ਡੂੰਘਾਈ 0.6 ਕਿਲੋਮੀਟਰ ‘ਤੇ ਦਰਜ ਕੀਤੀ ਗਈ। ਕੈਲੀਫੋਰਨੀਆ ਵਿੱਚ ਘੱਟੋ-ਘੱਟ 5.3 ਮਿਲੀਅਨ ਲੋਕ ਭੂਚਾਲ ਆਉਣ ਦੇ ਕੁਝ ਮਿੰਟਾਂ ਬਾਅਦ ਯੂਐਸ ਨੈਸ਼ਨਲ ਵੈਦਰ ਸਰਵਿਸ (ਐਨਡਬਲਯੂਐਸ) ਦੁਆਰਾ ਜਾਰੀ ਕੀਤੀ ਸੁਨਾਮੀ ਚਿਤਾਵਨੀ ਦੇ ਅਧੀਨ ਸਨ।