ਪੰਜਾਬ ਦੇ ਅੰਮ੍ਰਿਤਸਰ ਦੇ ਬਿਆਸ ਸਥਿਤ ਡੇਰਾ ਰਾਧਾ ਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੇ ਆਪਣਾ ਉਤਰਾਧਿਕਾਰੀ ਚੁਣ ਲਿਆ ਹੈ। ਉਨ੍ਹਾਂ ਨੇ ਜਸਦੀਪ ਸਿੰਘ ਗਿੱਲ ਨੂੰ ਆਪਣਾ ਵਾਰਿਸ ਨਿਯੁਕਤ ਕੀਤਾ ਹੈ। ਜਸਦੀਪ ਸਿੰਘ ਗਿੱਲ ਕੈਂਬਰਿਜ ਤੋਂ ਕੈਮੀਕਲ ਇੰਜੀਨੀਅਰਿੰਗ ਵਿੱਚ ਡਾਕਟਰੇਟ ਅਤੇ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਦਿੱਲੀ ਦੇ ਸਾਬਕਾ ਵਿਦਿਆਰਥੀ ਹਨ।
ਜਸਦੀਪ ਸਿੰਘ ਗਿੱਲ ਨੇ ਫਾਰਮਾਸਿਊਟੀਕਲ ਕੰਪਨੀ ਸਿਪਲਾ ਲਿਮਟਿਡ ਦੇ ਮੁੱਖ ਰਣਨੀਤੀ ਅਫਸਰ ਅਤੇ ਸੀਨੀਅਰ ਪ੍ਰਬੰਧਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਨੇ ਇਥੇ 2019 ਤੋਂ 31 ਮਈ, 2024 ਤੱਕ ਕੰਮ ਕੀਤਾ। ਉਹ ਬੋਰਡ ਅਬਜ਼ਰਵਰ ਵਜੋਂ ਈਥਰਿਸ ਅਤੇ ਅਚੀਰਾ ਲੈਬਜ਼ ਪ੍ਰਾਈਵੇਟ ਲਿਮਟਿਡ ਨਾਲ ਵੀ ਜੁੜੇ ਹੋਏ ਸਨ। ਮਾਰਚ 2024 ਤੱਕ ਉਹ ਵੈਲਥੀ ਥੈਰੇਪਿਊਟਿਕਸ ਦੇ ਬੋਰਡ ਮੈਂਬਰ ਸਨ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਰੈਨਬੈਕਸੀ ਵਿੱਚ ਸੀਈਓ ਦੇ ਕਾਰਜਕਾਰੀ ਸਹਾਇਕ ਅਤੇ ਕੈਮਬ੍ਰਿਜ ਯੂਨੀਵਰਸਿਟੀ ਐਂਟਰਪ੍ਰੀਨਿਓਰਜ਼ ਵਿੱਚ ਪ੍ਰਧਾਨ ਅਤੇ ਚੇਅਰਮੈਨ ਵਜੋਂ ਸੇਵਾ ਕੀਤੀ।
ਉਨ੍ਹਾਂ ਨੇ ਕੈਂਬਰਿਜ ਯੂਨੀਵਰਸਿਟੀ ਤੋਂ ਕੈਮੀਕਲ ਇੰਜੀਨੀਅਰਿੰਗ ਵਿੱਚ ਪੀਐਚਡੀ ਅਤੇ ਐਕਸਚੇਂਜ ਪ੍ਰੋਗਰਾਮ ਦੇ ਤਹਿਤ ਮੈਸੇਚਿਉਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਕੈਮੀਕਲ ਇੰਜੀਨੀਅਰਿੰਗ ਵਿੱਚ ਮਾਸਟਰ ਡਿਗਰੀ ਕੀਤੀ ਹੈ। ਉਨ੍ਹਾਂ ਨੇ ਬਾਇਓਕੈਮੀਕਲ ਇੰਜੀਨੀਅਰਿੰਗ ਅਤੇ ਬਾਇਓਟੈਕਨਾਲੋਜੀ ਵਿੱਚ ਬੈਚਲਰ ਅਤੇ ਮਾਸਟਰ ਡਿਗਰੀਆਂ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਦਿੱਲੀ ਤੋਂ ਪ੍ਰਾਪਤ ਕੀਤੀਆਂ।
ਜ਼ਿਕਰਯੋਗ ਹੈ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਕੁਝ ਸਾਲ ਪਹਿਲਾਂ ਕੈਂਸਰ ਹੋ ਗਿਆ ਸੀ। ਜਿਨ੍ਹਾਂ ਦਾ ਲੰਮਾ ਇਲਾਜ ਚੱਲਿਆ। ਗੁਰਿੰਦਰ ਢਿੱਲੋਂ ਦਿਲ ਦੀ ਬਿਮਾਰੀ ਤੋਂ ਵੀ ਪੀੜਤ ਹਨ। ਡੇਰਾ ਬਿਆਸ (Dera Beas) ਦਾ ਪੰਜਾਬ ਵਿਚ ਬਹੁਤ ਪ੍ਰਭਾਵ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਵੱਡੇ ਨੇਤਾ ਇੱਥੇ ਆ ਚੁੱਕੇ ਹਨ।