ਜੁਲਾਨਾ ਸੀਟ ਤੋਂ ਵਿਨੇਸ਼ ਫੋਗਾਟ ਨੂੰ ਮਿਲੀ ਜਿੱਤ

ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ‘ਤੇ ਵੋਟਾਂ ਪੈਣ ਤੋਂ ਬਾਅਦ ਅੱਜ ਨੂੰ ਵੋਟਾਂ ਦੀ ਗਿਣਤੀ ਹੋ ਰਹੀ ਹੈ। ਇਸ ਦੌਰਾਨ ਹਰਿਆਣਾ ਦੀ ਸਭ ਤੋਂ ਚਰਚਿਤ ਜੁਲਾਨਾ ਵਿਧਾਨ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਵਿਨੇਸ਼ ਫੋਗਾਟਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਭਾਜਪਾ ਉਮੀਦਵਾਰ ਯੋਗੇਸ਼ ਬੈਰਾਗੀ ਨੂੰ ਹਰਾਇਆ। ਵਿਨੇਸ਼ ਫੋਗਾਟ ਨੂੰ ਕੁੱਲ 65080 ਵੋਟਾਂ ਮਿਲੀਆਂ, ਜਦਕਿ ਯੋਗੇਸ਼ ਬੈਰਾਗੀ ਨੂੰ 59065 ਵੋਟਾਂ ਮਿਲੀਆਂ। ਇਸ ਤੋਂ ਇਲਾਵਾ ਸੁਰਿੰਦਰ ਲਾਥੇਰ ਨੂੰ 10158 ਵੋਟਾਂ ਮਿਲੀਆਂ। ਇਸ ਤਰ੍ਹਾਂ ਵਿਨੇਸ਼ ਫੋਗਾਟ 6015 ਵੋਟਾਂ ਨਾਲ ਜੇਤੂ ਰਹੀ।

ਜੁਲਾਨਾ ਵਿਧਾਨ ਸਭਾ ਸੀਟ ‘ਤੇ ਕੁੱਲ 15 ਪੜਾਵਾਂ ‘ਚ ਵੋਟਾਂ ਦੀ ਗਿਣਤੀ ਹੋਣੀ ਸੀ। ਚੋਣ ਕਮਿਸ਼ਨ ਮੁਤਾਬਕ ਵਿਨੇਸ਼ ਫੋਗਾਟ ਛੇ ਗੇੜਾਂ ਤੱਕ ਪਿੱਛੇ ਰਹੀ, ਜਦਕਿ ਸੱਤਵੇਂ ਪੜਾਅ ਤੋਂ ਵਿਨੇਸ਼ ਫੋਗਾਟ ਨੇ ਭਾਜਪਾ ਉਮੀਦਵਾਰ ਯੋਗੇਸ਼ ਬੈਰਾਗੀ ਨੂੰ ਹਰਾ ਕੇ ਪਹਿਲੇ ਨੰਬਰ ‘ਤੇ ਆਪਣੀ ਥਾਂ ਬਣਾਈ ਤੇ ਆਖਰਕਾਰ ਜਿੱਤ ਹਾਸਲ ਕੀਤੀ। ਇੰਡੀਅਨ ਨੈਸ਼ਨਲ ਲੋਕ ਦਲ ਦੇ ਸੁਰਿੰਦਰ ਲਾਠਰ ਤੀਜੇ ਸਥਾਨ ‘ਤੇ ਰਹੇ।

ਦਰਅਸਲ, ਵਿਨੇਸ਼ ਫੋਗਾਟ ਦੇ ਪੈਰਿਸ ਓਲੰਪਿਕ ਤੋਂ ਬਾਹਰ ਹੋਣ ਤੋਂ ਬਾਅਦ ਭਾਰਤ ਪਰਤੀ ਤਾਂ ਉਹ 6 ਸਤੰਬਰ ਨੂੰ ਦਿੱਲੀ ਸਥਿਤ ਕਾਂਗਰਸ ਹੈੱਡਕੁਆਰਟਰ ਵਿੱਚ ਬਜਰੰਗ ਪੂਨੀਆ ਦੇ ਨਾਲ ਕਾਂਗਰਸ ਵਿੱਚ ਸ਼ਾਮਲ ਹੋ ਗਈ ਸੀ। ਇਸ ਤੋਂ ਬਾਅਦ ਕਾਂਗਰਸ ਨੇ ਵਿਨੇਸ਼ ਨੂੰ ਹਰਿਆਣਾ ਦੀ ਜੁਲਾਨਾ ਵਿਧਾਨ ਸਭਾ ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਸੀ।

Advertisement