ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਅੱਤਵਾਦੀਆਂ ਵੱਲੋਂ ਦਰਿੰਦਗੀ

ਜੰਮੂ-ਕਸ਼ਮੀਰ ਤੋਂ ਇਸ ਸਮੇਂ ਬਹੁਤ ਹੀ ਦਰਦ ਭਰੀ ਖਬਰ ਆ ਰਹੀ ਹੈ, ਜਿੱਥੇ ਇੱਕ ਫੌਜੀ ਜਵਾਨ ਦੀ ਲਾਸ਼ ਬਰਾਮਦ ਹੋਈ ਹੈ। ਦਸ ਦਈਏ ਜੰਮੂ-ਕਸ਼ਮੀਰ ਦੇ ਅਨੰਤਨਾਗ ‘ਚ ਅੱਤਵਾਦੀਆਂ ਵੱਲੋਂ ਅਗਵਾ ਕੀਤੇ ਗਏ ਫੌਜ ਦੇ ਜਵਾਨ ਦੀ ਲਾਸ਼ ਮਿਲੀ ਹੈ। ਫੌਜੀ ਦੀ ਲਾਸ਼ ਅਨੰਤਨਾਗ ਦੇ ਜੰਗਲ ‘ਚੋਂ ਮਿਲੀ ਹੈ। ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਜਵਾਨ ਦੇ ਸਰੀਰ ‘ਤੇ ਗੋਲੀਆਂ ਅਤੇ ਚਾਕੂ ਦੇ ਕੱਟਾਂ ਦੇ ਨਿਸ਼ਾਨ ਮਿਲੇ ਹਨ।

ਇਸ ਤੋਂ ਪਹਿਲਾਂ ਫੌਜ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਸੀ ਕਿ ਅਨੰਤਨਾਗ ‘ਚ ਫੌਜ ਦੇ ਇਕ ਜਵਾਨ ਨੂੰ ਅੱਤਵਾਦੀਆਂ ਨੇ ਅਗਵਾ ਕਰ ਲਿਆ ਹੈ। ਟੈਰੀਟੋਰੀਅਲ ਆਰਮੀ ਦੀ 161 ਯੂਨਿਟ ਦੇ ਇੱਕ ਸਿਪਾਹੀ ਨੂੰ ਅੱਤਵਾਦੀਆਂ ਨੇ ਅਗਵਾ ਕਰ ਲਿਆ ਸੀ। ਪਹਿਲਾਂ ਦੋ ਸੈਨਿਕਾਂ ਦੇ ਅਗਵਾ ਹੋਣ ਦੀ ਖ਼ਬਰ ਸੀ। ਖਬਰ ਸੀ ਕਿ ਅਨੰਤਨਾਗ ਦੇ ਜੰਗਲੀ ਖੇਤਰ ਤੋਂ ਦੋ ਸੈਨਿਕਾਂ ਨੂੰ ਅਗਵਾ ਕਰ ਲਿਆ ਗਿਆ ਹੈ। ਹਾਲਾਂਕਿ ਇਕ ਜਵਾਨ ਨੂੰ ਗੋਲੀ ਲੱਗੀ ਪਰ ਇਸ ਦੇ ਬਾਵਜੂਦ ਉਹ ਅੱਤਵਾਦੀਆਂ ਦੇ ਚੁੰਗਲ ‘ਚੋਂ ਭੱਜਣ ‘ਚ ਸਫਲ ਰਿਹਾ।

ਇਸ ਤੋਂ ਪਹਿਲਾਂ ਭਾਰਤੀ ਫੌਜ ਦੀ ਸ਼੍ਰੀਨਗਰ ਸਥਿਤ ਚਿਨਾਰ ਕੋਰ ਨੇ ਸੋਸ਼ਲ ਮੀਡੀਆ ਪੋਸਟ ‘ਚ ਕਿਹਾ ਸੀ ਕਿ ਖੁਫੀਆ ਸੂਚਨਾ ਦੇ ਆਧਾਰ ‘ਤੇ ਫੌਜ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਹੋਰ ਏਜੰਸੀਆਂ ਨਾਲ ਮਿਲ ਕੇ 8 ਅਕਤੂਬਰ ਨੂੰ ਕੋਰਨਾਗ ‘ਚ ਸੰਯੁਕਤ ਅੱਤਵਾਦ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਸੀ। ਇਹ ਆਪਰੇਸ਼ਨ ਪੂਰੀ ਰਾਤ ਜਾਰੀ ਰਿਹਾ, ਜਿਸ ਵਿਚ ਫੌਜ ਦਾ ਇਕ ਜਵਾਨ ਲਾਪਤਾ ਸੀ।

Advertisement