ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਅੱ.ਤਵਾ.ਦੀਆਂ ਨੇ ਇਕ ਵਾਰ ਫਿਰ ਹਮਲੇ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਕਠੂਆ ‘ਚ ਹੋਏ ਇਸ ਅੱਤਵਾਦੀ ਹਮਲੇ ‘ਚ ਕਈ ਜਵਾਨ ਜ਼ਖਮੀ ਵੀ ਹੋਏ ਹਨ, ਜਿਨ੍ਹਾਂ ਨੂੰ ਬਿਹਤਰ ਇਲਾਜ ਲਈ ਪੰਜਾਬ ਦੇ ਪਠਾਨਕੋਟ ਸਥਿਤ ਫੌਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਹਮਲੇ ਨੂੰ ਅੰਜਾਮ ਦੇਣ ਵਾਲੇ ਅੱਤਵਾਦੀਆਂ ਦੀ ਭਾਲ ਲਈ ਫੌਜ ਦਾ ਸਰਚ ਆਪਰੇਸ਼ਨ ਜਾਰੀ ਹੈ। ਇਸ ਹਮਲੇ ਤੇ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੇ ਦੁੱਖ ਪ੍ਰਗਟਾਇਆ ਹੈ।
CM ਭਗਵੰਤ ਮਾਨ ਨੇ ਟਵੀਟ ਕੀਤਾ- “ਜੰਮੂ ਕਸ਼ਮੀਰ ਦੇ ਕਠੂਆ ਵਿਖੇ ਹੋਏ ਅੱਤਵਾਦੀ ਹਮਲੇ ਦੌਰਾਨ 5 ਫ਼ੌਜੀ ਜਵਾਨਾਂ ਦੇ ਸ਼ਹੀਦ ਅਤੇ ਕੁੱਝ ਜਵਾਨਾਂ ਦੇ ਜ਼ਖ਼ਮੀ ਹੋਣ ਦੀ ਦੁਖਦਾਈ ਖ਼ਬਰ ਮਿਲੀ… ਦੇਸ਼ ਦੀ ਰੱਖਿਆ ਖਾਤਰ ਸ਼ਹੀਦ ਹੋਏ ਜਵਾਨਾਂ ਦੇ ਜਜ਼ਬੇ ਤੇ ਬਹਾਦਰੀ ਨੂੰ ਸਲਾਮ ਤੇ ਪਰਿਵਾਰ ਨਾਲ਼ ਦਿਲੋਂ ਹਮਦਰਦੀ… ਜ਼ਖ਼ਮੀ ਹੋਏ ਜਵਾਨਾਂ ਦੇ ਜਲਦ ਠੀਕ ਹੋਣ ਦੀ ਅਰਦਾਸ ਕਰਦੇ ਹਾਂ।
ਦਰਅਸਲ ਸੋਮਵਾਰ ਸ਼ਾਮ ਨੂੰ ਅੱਤਵਾਦੀਆਂ ਨੇ ਫੌਜ ਦੀ ਗੱਡੀ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਅੱਤਵਾਦੀਆਂ ਨੇ ਫੌਜ ਦੀ ਗੱਡੀ ‘ਤੇ ਗ੍ਰੇਨੇਡ ਸੁੱਟਿਆ ਅਤੇ ਅੰਨ੍ਹੇਵਾਹ ਗੋਲੀਬਾਰੀ ਵੀ ਕੀਤੀ। ਸ਼ੁਰੂਆਤ ‘ਚ 6 ਜਵਾਨ ਜ਼ਖਮੀ ਹੋ ਗਏ, ਜਿਨ੍ਹਾਂ ‘ਚੋਂ 2 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਤੋਂ ਬਾਅਦ 4 ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ ਆਈ, ਕੁਝ ਸਮੇਂ ਬਾਅਦ ਇਕ ਹੋਰ ਫੌਜੀ ਸ਼ਹੀਦ ਹੋ ਗਿਆ। ਸੁਰੱਖਿਆ ਬਲਾਂ ਨੇ ਹਮਲੇ ਨੂੰ ਅੰਜ਼ਾਮ ਦੇਣ ਵਾਲੇ ਅੱਤਵਾਦੀਆਂ ਦੀ ਭਾਲ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।ਇਸ ਘਟਨਾ ਤੋਂ ਬਾਅਦ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਦੇ ਨਾਲ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਹਮਲੇ ਤੋਂ ਬਾਅਦ, ਕੇਂਦਰੀ ਉਦਯੋਗਿਕ ਸੁਰੱਖਿਆ ਬਲ, ਕੇਂਦਰੀ ਰਿਜ਼ਰਵ ਪੁਲਿਸ ਬਲ ਅਤੇ ਜੰਮੂ ਅਤੇ ਕਸ਼ਮੀਰ ਪੁਲਿਸ ਦੇ ਜਵਾਨਾਂ ਨੂੰ ਊਧਮਪੁਰ ਵਿਚ ਰਾਸ਼ਟਰੀ ਰਾਜਮਾਰਗ ਦੇ ਨਾਲ ਤਾਇਨਾਤ ਕੀਤਾ ਗਿਆ ਹੈ। ਹਮਲਾਵਰਾਂ ‘ਤੇ ਸ਼ਿਕੰਜਾ ਕੱਸਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।