ਝੋਨੇ ਦੀ ਖਰੀਦ ਨੂੰ ਲੱਗੀ ਬ੍ਰੇਕ! ਕੇਂਦਰ ਤੇ ਪੰਜਾਬ ਆਹਮੋ-ਸਾਹਮਣੇ

ਪੰਜਾਬ ਵਿੱਚ ਝੋਨੇ ਦੀ ਖਰੀਦ ਦਾ ਕੰਮ ਲੜਖੜਾ ਗਿਆ ਹੈ। ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਕਿਸਾਨ ਮੰਡੀਆਂ ਵਿੱਚ ਰੁਲਣ ਲਗੇ ਹਨ। ਇਸ ਵੇਲੇ ਸੂਬੇ ਦੀਆਂ ਸਾਰੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਨਾਂਮਾਤਰ ਹੈ। ਇਸ ਸਾਰੀ ਸਥਿਤੀ ਲਈ ਪੰਜਾਬ ਤੇ ਕੇਂਦਰ ਸਰਕਾਰ ਇੱਕ-ਦੂਜੇ ਨੂੰ ਜ਼ਿੰਮੇਵਾਰ ਦੱਸ ਰਹੀ ਹੈ। ਇਸ ਸਬੰਧੀ ਪੰਜਾਬ ਦੇ ਐਨਆਰਆਈ ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਐਫਸੀਆਈ ਤੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ।

ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਇੱਕੋ ਇੱਕ ਸਮੱਸਿਆ ਝੋਨੇ ਦੀ ਲਿਫਟਿੰਗ ਹੈ। ਇਸ ਲਈ 70 ਫੀਸਦੀ ਝੋਨੇ ਦੀ ਫਸਲ ਮੰਡੀਆਂ ਵਿੱਚ ਪਈ ਹੈ। ਸ਼ੈਲਰ ਮਾਲਕਾਂ ਨੇ ਹੱਥ ਖੜ੍ਹੇ ਕਰ ਦਿੱਤੇ ਹਨ। ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਭਾਰਤੀ ਖੁਰਾਕ ਨਿਗਮ (ਐਫਸੀਆਈ) ਨੇ ਪਹਿਲਾਂ ਸਟੋਰ ਕੀਤੇ ਝੋਨੇ ਦੀ ਖਰੀਦ ਨਹੀਂ ਕੀਤੀ। ਇਸ ਕਾਰਨ ਮੰਡੀਆਂ ਵਿੱਚ ਝੋਨੇ ਦੇ ਢੇਰ ਲੱਗ ਰਹੇ ਹਨ। ਇਹ ਐਫਸੀਆਈ ਤੇ ਕੇਂਦਰ ਸਰਕਾਰ ਦਾ ਫਰਜ਼ ਹੈ ਕਿ ਉਹ ਢੁਕਵੇਂ ਸਟੋਰੇਜ ਪ੍ਰਬੰਧਾਂ ਨੂੰ ਯਕੀਨੀ ਬਣਾਏ।

ਉਨ੍ਹਾਂ ਕਿਹਾ ਕਿ ਝੋਨੇ ਦੀ ਲਿਫਟਿੰਗ ਸ਼ੁਰੂ ਕਰਨਾ ਤੇ ਲਿਫਟਿੰਗ ਵਿੱਚ ਤੇਜ਼ੀ ਲਿਆਉਣਾ ਐਫਸੀਆਈ ਦਾ ਕੰਮ ਹੈ ਕਿਉਂਕਿ ਹਰ ਵਾਰ ਐਫਸੀਆਈ ਹੀ ਫਸਲ ਦੀ ਖਰੀਦ ਕਰਦੀ ਹੈ। ਇਸ ਲਈ ਕੇਂਦਰ ਸਰਕਾਰ ਤੇ ਐਫਸੀਆਈ ਨੂੰ ਇਸ ਵਾਰ ਵੀ ਝੋਨੇ ਦੀ ਫ਼ਸਲ ਸਮੇਂ ਸਿਰ ਚੁੱਕਣੀ ਚਾਹੀਦੀ ਸੀ। ਇਸ ਵਿੱਚ ਪੰਜਾਬ ਸਰਕਾਰ ਦਾ ਕੋਈ ਕਸੂਰ ਨਹੀਂ ਹੈ। ਫਸਲ ਦੀ ਖਰੀਦ ਲਈ ਹਰ ਵਾਰ ਇਹੀ ਸਿਸਟਮ ਅਪਣਾਇਆ ਜਾਂਦਾ ਹੈ। ਇਸ ਵਿੱਚ ਕੁਝ ਨਵਾਂ ਕਰਨ ਦੀ ਲੋੜ ਨਹੀਂ।

Advertisement