ਅੰਮ੍ਰਿਤਸਰ ਦੇ ਮਜੀਠਾ ਵਿੱਚ ਦੋ ਬਦਮਾਸ਼ਾਂ ਨੇ ਇੱਕ ਸ਼ਰਾਬ ਦੀ ਦੁਕਾਨ ‘ਤੇ ਹਮਲਾ ਕੀਤਾ। ਬਦਮਾਸ਼ਾਂ ਨੇ ਪਹਿਲਾਂ ਪੈਟਰੋਲ ਬੰਬ ਸੁੱਟਿਆ ਤੇ ਠੇਕੇ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਕਰਮਚਾਰੀਆਂ ‘ਤੇ ਗੋਲੀਆਂ ਚਲਾਈਆਂ ਗਈਆਂ। ਹਾਲਾਂਕਿ, ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਭੱਜਦੇ ਸਮੇਂ ਹਮਲਾਵਰਾਂ ਦਾ ਮੈਗਜ਼ੀਨ ਹੇਠਾਂ ਡਿੱਗ ਪਿਆ। ਇਸ ਘਟਨਾ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਠੇਕਾ ਅਧਿਕਾਰੀ ਲਵ ਕੁਮਾਰ ਨੇ ਦੱਸਿਆ ਕਿ ਮਜੀਠਾ ਇਲਾਕੇ ਵਿੱਚ ਪਹਿਲਾਂ ਵੀ ਸ਼ਰਾਬ ਦੀਆਂ ਦੁਕਾਨਾਂ ‘ਤੇ ਲੁੱਟ-ਖਸੁੱਟ ਤੇ ਗੋਲੀਬਾਰੀ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਪਿਛਲੇ ਸਾਲ ਵੀ ਇੱਕ ਠੇਕਾ ਕਰਮਚਾਰੀ ‘ਤੇ ਹਮਲਾ ਹੋਇਆ ਸੀ ਪਰ ਪੁਲਿਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਉਨ੍ਹਾਂ ਦੇ ਹੀ ਸਾਥੀ ਨੂੰ ਵੀ ਨਾਲ ਲੈ ਗਈ।

ਮਾਮਲੇ ਵਿੱਚ ਵਿਵਾਦ ਉਦੋਂ ਹੋਰ ਵੱਧ ਗਿਆ ਜਦੋਂ ਪੁਲਿਸ ਨੇ ਮੌਕੇ ‘ਤੇ ਮਿਲੇ ਮੈਗਜ਼ੀਨ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ। ਮਾਲਕ ਦੇ ਆਉਣ ਤੱਕ ਕਰਮਚਾਰੀਆਂ ਨੇ ਮੈਗਜ਼ੀਨ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ‘ਤੇ ਪੁਲਿਸ ਇੱਕ ਕਰਮਚਾਰੀ ਨੂੰ ਥਾਣੇ ਲੈ ਗਈ। ਠੇਕਾ ਅਧਿਕਾਰੀਆਂ ਨੇ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਮਜੀਠਾ ਦੇ ਡੀਐਸਪੀ ਜਸਪਾਲ ਸਿੰਘ ਨੇ ਕਿਹਾ ਕਿ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।