ਮਸ਼ਹੂਰ ਕਾਮੇਡੀ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਸੋਢੀ ਯਾਨੀ ਗੁਰਚਰਨ ਸਿੰਘ ਬਾਰੇ ਹੈਰਾਨਕੁਨ ਖੁਲਾਸਾ ਹੋਇਆ ਹੈ। ਖ਼ੁਦ ਗੁਰਚਰਨ ਨੇ ਦੱਸਿਆ ਹੈ ਕਿ ਉਨ੍ਹਾਂ ‘ਤੇ 1.2 ਕਰੋੜ ਰੁਪਏ ਦਾ ਕਰਜ਼ ਹੈ। ਕਈ ਦਿਨਾਂ ਤੋਂ ਉਨ੍ਹਾਂ ਨੇ ਠੀਕ ਤਰ੍ਹਾਂ ਖਾਣਾ ਨਹੀਂ ਖਾਧਾ ਹੈ। ਉਹ ਆਸ਼ਰਮ ‘ਚ ਪਾਠ ਤੋਂ ਬਾਅਦ ਮਿਲਣ ਵਾਲੇ ਸਮੋਸੇ, ਰੋਟੀ, ਚਾਹ ਤੇ ਪਕੌੜਿਆਂ ਨਾਲ ਗੁਜ਼ਾਰਾ ਚਲਾ ਰਹੇ ਹਨ।
ਗੁਰੂਚਰਨ ਨੇ ਸਿਧਾਰਥ ਕੰਨਨ ਦੇ ਸ਼ੋਅ ‘ਤੇ ਆਪਣੀ ਦਰਦ ਭਰੀ ਕਹਾਣੀ ਸਾਂਝੀ ਕੀਤੀ। ਗੁਰੂਚਰਨ ਨੇ ਦੱਸਿਆ ਕਿ ਮੈਂ 34 ਦਿਨਾਂ ਤੋਂ ਠੀਕ ਤਰ੍ਹਾਂ ਖਾਣਾ ਨਹੀਂ ਖਾਧਾ ਹੈ। ਮੈਂ ਗੁਰੂ ਜੀ ਦੇ ਆਸ਼ਰਮ ਚਲਾ ਜਾਂਦਾ ਹਾਂ। ਪਾਠ ਤੋਂ ਬਾਅਦ ਕਦੇ ਸਮੋਸੇ, ਕਦੇ ਰੋਟੀ ਤੇ ਕਦੇ ਚਾਹ-ਪਕੌੜੇ ਪ੍ਰਸਾਦ ਵਜੋਂ ਮਿਲ ਜਾਂਦੇ ਹਨ, ਜਿਸ ਨਾਲ ਆਪਣਾ ਪੇਟ ਭਰ ਰਿਹਾ ਹਾਂ।
ਗੁਰੂਚਰਨ ਨੇ ਦੱਸਿਆ ਕਿ ਉਹ ਪਿਛਲੇ 4 ਸਾਲਾਂ ਤੋਂ ਪਰੇਸ਼ਾਨ ਹੋ ਰਿਹਾ ਹੈ। ਉਸਨੇ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਮਿਲੀ। ਗੁਰੂਚਰਨ ਅਨੁਸਾਰ ਉਸ ਨੇ ਕਾਰੋਬਾਰ ਕਰਨ ਦੀ ਕੋਸ਼ਿਸ਼ ਵੀ ਕੀਤੀ। ਐਕਟਿੰਗ ‘ਚ ਨਵਾਂ ਕੰਮ ਲੱਭਿਆ, ਪਰ ਕੁਝ ਨਹੀਂ ਹੋਇਆ। ਹੁਣ ਮੈਂ ਥੱਕ ਗਿਆ ਹਾਂ। ਬੈਂਕ ਅਤੇ EMI ਦਾ ਲਗਪਗ 55 ਤੋਂ 60 ਲੱਖ ਰੁਪਏ ਕਰਜ਼ ਹੈ। ਕੁੱਲ ਮਿਲਾ ਕੇ 1.2 ਕਰੋੜ ਰੁਪਏ ਦਾ ਉਧਾਰ ਚੁਕਾਉਣਾ ਹੈ।
ਗੁਰੂਚਰਨ ਨੇ ਦੱਸਿਆ ਕਿ ਉਨ੍ਹਾਂ ਨੇ ਸ਼ੋਅ ‘ਤਾਰਕ ਮਹਿਤਾ’ ‘ਚ ਰੌਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਉਣ ਵਾਲੀ ਜੈਨਿਫਰ ਮਿਸਤਰੀ ਬੰਸੀਵਾਲ ਤੇ ਸ਼ੋਅ ਦੇ ਨਿਰਮਾਤਾ ਅਸਿਤ ਮੋਦੀ ਵਿਚਾਲੇ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਦੀ ਕੋਸ਼ਿਸ਼ ਵੀ ਕੀਤੀ ਸੀ। ਗੁਰੂਚਰਨ ਅਨੁਸਾਰ ਮੈਂ ਦੋਹਾਂ ਨੂੰ ਮਿਲਿਆ ਸੀ। ਮੈਂ ਕੇਸਾਂ ਨੂੰ ਹੱਲ ਕਰਨ ਲਈ 100 ਪ੍ਰਤੀਸ਼ਤ ਕੋਸ਼ਿਸ਼ ਕੀਤੀ, ਪਰ ਫਿਰ ਪਿੱਛੇ ਹਟ ਗਿਆ ਕਿਉਂਕਿ ਕਈ ਵਾਰ ਬੇਕਸੂਰ ਵੀ ਅਜਿਹੇ ਮਾਮਲਿਆਂ ਵਿੱਚ ਫਸ ਜਾਂਦੇ ਹਨ। ਦੱਸ ਦੇਈਏ ਕਿ ਜੈਨੀਫਰ ਮਿਸਤਰੀ ਬੰਸੀਵਾਲ ਨੇ ਅਸਿਤ ਮੋਦੀ ‘ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ ਤੇ ਮਾਮਲਾ ਪੁਲਿਸ ਕੋਲ ਗਿਆ ਸੀ।