ਚੰਡੀਗੜ੍ਹ ਏਅਰਪੋਰਟ ਘਟਨਾ ਤੋਂ ਬਾਅਦ ਕੰਗਨਾ ਰਣੌਤ ਨੇ ਹਿਮਾਚਲ ਪੁਲਿਸ ਨੂੰ ਪੱਤਰ ਲਿਖ ਕੇ ਸੁਰੱਖਿਆ ਦੀ ਅਪੀਲ ਕੀਤੀ ਹੈ। ਹੁਣ ਤੱਕ ਨਵੀਂ ਚੁਣੀ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਕੋਈ ਸੁਰੱਖਿਆ ਨਹੀਂ ਮਿਲੀ ਹੈ, ਕਿਉਂਕਿ ਸੰਸਦ ਦੇ ਅਹੁਦੇ ਦੀ ਸਹੁੰ ਚੁੱਕਣ ਤੋਂ ਬਾਅਦ ਹੀ ਸੁਰੱਖਿਆ ਦੇਣ ਦੀ ਵਿਵਸਥਾ ਹੈ, ਜਿਸ ਤਹਿਤ ਸੁਰੱਖਿਆ ਲਈ ਇਕ ਸੰਸਦ ਮੈਂਬਰ ਨੂੰ ਦੋ ਪੀ.ਐੱਸ.ਓ. ਸੁਰੱਖਿਆ ਲਈ ਮੁਹੱਈਆ ਹੁੰਦੇ ਹਨ।
ਜਾਣਕਾਰੀ ਮੁਤਾਬਕ ਚੰਡੀਗੜ੍ਹ ਏਅਰਪੋਰਟ ‘ਤੇ CISF ਦੀ ਮਹਿਲਾ ਸਿਪਾਹੀ ਵੱਲੋਂ ਉਨ੍ਹਾਂ ਨੂੰ ਥੱਪੜ ਮਾਰਨ ਤੋਂ ਬਾਅਦ ਹਿਮਾਚਲ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਗਈ ਹੈ। ਮੰਡੀ ਦੇ ਸੰਸਦ ਮੈਂਬਰ ਨੇ ਸੂਬਾ ਪੁਲਿਸ ਨੂੰ ਪੀ.ਐਸ.ਓ. ਮੁਹੱਈਆ ਕਰਵਾਉਣ ਲਈ ਕਿਹਾ ਹੈ। ਫਿਲਹਾਲ ਕੰਗਨਾ ਰਣੌਤ ਦਿੱਲੀ ‘ਚ ਹੈ ਅਤੇ ਦਿੱਲੀ ਤੋਂ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੂੰ ਪੀ.ਐੱਸ.ਓ. ਮੁਹੱਈਆ ਕਰਵਾਇਆ ਜਾਵੇ। ਹਾਲਾਂਕਿ ਕੰਗਨਾ ਨੇ ਨਿੱਜੀ ਸੁਰੱਖਿਆ ਕਰਮਚਾਰੀ ਵੀ ਰੱਖੇ ਹੋਏ ਹਨ। ਇਹ ਸੁਰੱਖਿਆ ਮੁਲਾਜ਼ਮ ਲੋਕ ਸਭਾ ਚੋਣਾਂ ਅਤੇ ਸੂਬੇ ਵਿੱਚ ਪ੍ਰਚਾਰ ਦੌਰਾਨ ਵੀ ਉਨ੍ਹਾਂ ਦੇ ਨਾਲ ਸਨ। ਦੂਜੇ ਪਾਸੇ ਰਾਜ ਦੇ ਪੁਲਿਸ ਡਾਇਰੈਕਟਰ ਜਨਰਲ ਡਾਕਟਰ ਅਤੁਲ ਨੇ ਕਿਹਾ ਕਿ ਕੰਗਣਾ ਵੱਲੋਂ ਇੱਕ ਪੱਤਰ ਆਇਆ ਹੈ, ਜਿਸ ਵਿੱਚ ਸੁਰੱਖਿਆ ਦੀ ਮੰਗ ਕੀਤੀ ਗਈ ਹੈ।
ਦੂਜੇ ਪਾਸੇ ਐਮਪੀ ਕੰਗਨਾ ਰਣੌਤ ਨੂੰ ਥੱਪੜ ਮਾਰਨ ਦੇ ਮਾਮਲੇ ਵਿਚ ਕਾਰਵਾਈ ਸ਼ੁਰੂ ਹੋ ਗਈ ਹੈ। ਕਾਂਸਟੇਬਲ ਕੁਲਵਿੰਦਰ ਕੌਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਕੁਲਵਿੰਦਰ ਕੌਰ ਖਿਲਾਫ ਧਾਰਾ 323 ਅਤੇ 341 ਤਹਿਤ ਕੇਸ ਦਰਜ ਕੀਤਾ ਹੈ। ਉਧਰ, ਕਿਸਾਨ ਜਥੇਬੰਦੀਆਂ ਕੁਲਵਿੰਦਰ ਕੌਰ ਦੇ ਹੱਕ ਵਿਚ ਨਿੱਤਰ ਆਈਆਂ ਹਨ। ਕਿਸਾਨ ਯੂਨੀਅਨਾਂ ਨੇ ਕਾਂਸਟੇਬਲ ਕੁਲਵਿੰਦਰ ਕੌਰ ਨਾਲ ਖੜ੍ਹਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਨਾਲ ਹੀ ਕਿਸਾਨ ਜਥੇਬੰਦੀ ਵੱਲੋਂ 9 ਤਰੀਕ ਨੂੰ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋਂ ਐਸਐਸਪੀ ਦਫ਼ਤਰ ਤੱਕ ਇਨਸਾਫ਼ ਮਾਰਚ ਕੱਢਿਆ ਜਾਵੇਗਾ।