ਆਮ ਆਦਮੀ ਪਾਰਟੀ ਦੀ ਨੇਤਾ ਤੇ ਦਿੱਲੀ ਦੀ ਮੰਤਰੀ ਆਤਿਸ਼ੀ ਨੇ ਵੱਡਾ ਦਾਅਵਾ ਕੀਤਾ ਹੈ। ਆਤਿਸ਼ੀ ਨੇ ਇਸ ਮੌਕੇ ਭਾਜਪਾ ਤੇ ਕਈ ਦੋਸ਼ ਲਗਾਏ ਅਤੇ ਨਾਲ ਹੀ ਇਹ ਦਾਅਵਾ ਕੀਤਾ ਕਿ ਭਾਜਪਾ ਨੇ ਉਨ੍ਹਾਂ ਨੂੰ ਆਫਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਨੇ ਮੇਰੇ ਬਹੁਤ ਕਰੀਬੀ ਵਿਅਕਤੀ ਰਾਹੀਂ ਪਾਰਟੀ ਵਿੱਚ ਸ਼ਾਮਲ ਹੋਣ ਲਈ ਪਹੁੰਚ ਕੀਤੀ ਹੈ।
ਆਤਿਸ਼ੀ ਨੇ ਕਿਹਾ, ”ਮੈਨੂੰ ਕਿਹਾ ਗਿਆ ਹੈ ਕਿ ਜਾਂ ਤਾਂ ਭਾਜਪਾ ‘ਚ ਸ਼ਾਮਲ ਹੋ ਕੇ ਆਪਣਾ ਸਿਆਸੀ ਕਰੀਅਰ ਬਚਾ ਲਵਾਂ ਜਾਂ ਫਿਰ ਆਉਣ ਵਾਲੇ ਮਹੀਨੇ ਮੈਨੂੰ ਈਡੀ ਵੱਲੋਂ ਗ੍ਰਿਫਤਾਰ ਕਰ ਲਿਆ ਜਾਵੇਗਾ।” ਮੇਰੇ ਕਰੀਬੀ ਵਿਅਕਤੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਤੇ ਬੀਜੇਪੀ ਨੇ ਆਮ ਆਦਮੀ ਪਾਰਟੀ ਦੇ ਸਾਰੇ ਲੋਕਾਂ ਨੂੰ ਕੁਚਲਣ ਦਾ ਮਨ ਬਣਾ ਲਿਆ ਹੈ।”
Senior AAP Leader and Minister @AtishiAAP Addressing an Important Press Conference l LIVE https://t.co/N6FA8olWp8
— AAP (@AamAadmiParty) April 2, 2024
ਦਿੱਲੀ ਦੀ ਮੰਤਰੀ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ। ਸਤੇਂਦਰ ਜੈਨ, ਮਨੀਸ਼ ਸਿਸੋਦੀਆ ਤੇ ਸੰਜੇ ਸਿੰਘ ਤੋਂ ਬਾਅਦ ਹੁਣ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੁਣ ਭਾਜਪਾ ਆਉਣ ਵਾਲੇ ਦੋ ਮਹੀਨਿਆਂ ਵਿੱਚ ਆਮ ਆਦਮੀ ਪਾਰਟੀ ਦੇ ਚਾਰ ਹੋਰ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦਾ ਇਰਾਦਾ ਬਣਾ ਰਹੀ ਹੈ। ਉਹ ਮੈਨੂੰ, ਸੌਰਭ ਭਾਰਦਵਾਜ, ਦੁਰਗੇਸ਼ ਪਾਠਕ ਤੇ ਰਾਘਵ ਚੱਢਾ ਨੂੰ ਗ੍ਰਿਫਤਾਰ ਕਰਨਗੇ। ਉਨ੍ਹਾਂ ਨੂੰ ਲੱਗਦਾ ਸੀ ਕਿ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਟੁੱਟ ਜਾਵੇਗੀ।
ਆਤਿਸ਼ੀ ਨੇ ਇਹ ਵੀ ਕਿਹਾ ਕਿ ਐਤਵਾਰ ਦੀ ਰਾਮਲੀਲਾ ਮੈਦਾਨ ਰੈਲੀ ਤੋਂ ਬਾਅਦ ਭਾਜਪਾ ਨੂੰ ਹੁਣ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਦੇ ਚੋਟੀ ਦੇ 4 ਨੇਤਾਵਾਂ ਨੂੰ ਗ੍ਰਿਫਤਾਰ ਕਰਨਾ ਹੀ ਕਾਫੀ ਨਹੀਂ ਸੀ, ਹੁਣ ਆਉਣ ਵਾਲੇ ਸਮੇਂ ‘ਚ ਅਗਲੇ ਵੱਡੇ 4 ਨੇਤਾਵਾਂ ਨੂੰ ਜੇਲ੍ਹ ‘ਚ ਡੱਕ ਦਿੱਤਾ ਜਾਵੇਗਾ। ਉਨ੍ਹਾਂ ਕਿਹਾ, “ਮੈਨੂੰ ਦੱਸਿਆ ਗਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਮੇਰੇ ਘਰ, ਮੇਰੇ ਰਿਸ਼ਤੇਦਾਰਾਂ ਤੇ ਨਜ਼ਦੀਕੀਆਂ ਦੇ ਘਰਾਂ ‘ਤੇ ਛਾਪੇਮਾਰੀ ਹੋਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਭਾਜਪਾ ਤੋਂ ਡਰਨ ਵਾਲੇ ਨਹੀਂ ਹਾਂ।