ਉੱਤਰ ਪ੍ਰਦੇਸ਼ ਦੇ ਅਮਰੋਹਾ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਕਾਰ ਵਿੱਚ ਸਵਾਰ ਚਾਰ ਦੋਸਤਾਂ ਦੀ ਮੌਤ ਹੋ ਗਈ। 2 ਨੌਜਵਾਨ ਗੰਭੀਰ ਜ਼ਖਮੀ ਹਨ। ਉਹਨਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਤਬਾਹ ਹੋ ਗਈ। ਦਸ ਦੇਈਏ ਕਿ ਤਿੰਨ ਕਾਰਾਂ ਵਿਚਕਾਰ ਜ਼ਬਰਦਸਤ ਟੱਕਰ ਹੋਈ ਸੀ। ਚਾਰੇ ਮ੍ਰਿਤਕ ਅਤੇ ਦੋ ਜ਼ਖ਼ਮੀ ਇੱਕੋ ਕਾਰ ਵਿੱਚ ਸਵਾਰ ਸਨ। ਪਹਿਲਾਂ ਉਹਨਾਂ ਦੀ ਕਾਰ ਸਾਹਮਣੇ ਤੋਂ ਆ ਰਹੀ ਬੋਲੈਰੋ ਨਾਲ ਟਕਰਾ ਗਈ ਅਤੇ ਫਿਰ ਪਿੱਛੇ ਤੋਂ ਆ ਰਹੀ ਇੱਕ ਹੋਰ ਕਾਰ ਨੇ ਉਹਨਾਂ ਦੀ ਕਾਰ ਨੂੰ ਕੁਚਲ ਦਿੱਤਾ।
ਦਸਿਆ ਜਾ ਰਿਹਾ ਹੈ ਕਿ ਚਾਰੇ ਮ੍ਰਿਤਕ ਨੌਜਵਾਨ ਯੂ-ਟਿਊਬ ‘ਤੇ ਵੀਡੀਓ ਬਣਾਉਂਦੇ ਸਨ। ਇਹ ਹਾਦਸਾ ਜ਼ਿਲ੍ਹੇ ਦੇ ਹਸਨਪੁਰ ਕੋਤਵਾਲੀ ਇਲਾਕੇ ਦੇ ਮਨੌਟਾ ਪੁਲ ‘ਤੇ ਰਾਤ ਸਮੇਂ ਵਾਪਰਿਆ। ਇਸ ਹਾਦਸੇ ‘ਚ ਬੋਲੈਰੋ ਕਾਰ ‘ਚ ਸਵਾਰ ਚਾਰ ਵਿਅਕਤੀ ਵੀ ਜ਼ਖਮੀ ਹੋ ਗਏ। ਉਹਨਾਂ ਨੂੰ ਵੀ ਇਲਾਜ ਲਈ ਗਜਰੌਲਾ ਕਮਿਊਨਿਟੀ ਹੈਲਥ ਸੈਂਟਰ ਵਿਖੇ ਦਾਖਲ ਕਰਵਾਇਆ ਗਿਆ ਹੈ। ਪਰਿਵਾਰ ਵਾਲੇ ਉਸ ਨੂੰ ਬਾਡਾ ਦੇ ਇੱਕ ਨਿੱਜੀ ਹਸਪਤਾਲ ਲੈ ਗਏ।

ਪੁਲਿਸ ਮੁਤਾਬਕ ਲੱਕੀ ਚੌਧਰੀ, ਸਲਮਾਨ, ਸ਼ਾਹਰੁਖ, ਸ਼ਾਹਨਵਾਜ਼, ਜ਼ੈਦ ਅਤੇ ਦਿਲਸ਼ਾਦ ਆਪਣੇ ਦੋਸਤ ਦੇ ਜਨਮਦਿਨ ਦੀ ਪਾਰਟੀ ‘ਚ ਸ਼ਾਮਲ ਹੋਣ ਲਈ ਐਤਵਾਰ ਸ਼ਾਮ ਨੂੰ ਇਕ ਕਾਰ ‘ਚ ਹਸਨਪੁਰ ਗਏ ਸਨ। ਸਾਰਿਆਂ ਨੇ ਉਥੇ ਇਕ ਹੋਟਲ ‘ਚ ਪਾਰਟੀ ਕੀਤੀ, ਜਿਸ ਤੋਂ ਬਾਅਦ ਦੇਰ ਰਾਤ ਉਹ ਨਵਾਦਾ ਰੋਡ, ਗਜਰੌਲਾ ‘ਤੇ ਆਪਣੇ ਘਰ ਵਾਪਸ ਪਰਤ ਰਹੇ ਸਨ। ਜਿਵੇਂ ਹੀ ਉਹ ਕੋਤਵਾਲੀ ਹਸਨਪੁਰ ਦੇ ਮਨੋਟਾ ਚੌਕੀ ਇਲਾਕੇ ਦੇ ਪੁਲ ‘ਤੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਤੇਜ਼ ਰਫਤਾਰ ਬੋਲੈਰੋ ਗੱਡੀ ਨਾਲ ਉਨ੍ਹਾਂ ਦੀ ਕਾਰ ਟਕਰਾ ਗਈ। ਇਸੇ ਦੌਰਾਨ ਪਿੱਛੇ ਤੋਂ ਆ ਰਹੀ ਇੱਕ ਹੋਰ ਕਾਰ ਨੇ ਉਹਨਾਂ ਦੀ ਕਾਰ ਨੂੰ ਘਸੀਟ ਲਿਆ।