ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਦੁਬਈ ‘ਚ ਭਾਰੀ ਮੀਂਹ ਕਾਰਨ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਦੁਬਈ ਦੀਆਂ ਗਲੀਆਂ, ਘਰਾਂ ਅਤੇ ਮਾਲਾਂ ਵਿੱਚ ਪਾਣੀ ਭਰ ਗਿਆ। ਇਸ ਦੇ ਨਾਲ ਹੀ ਅਸਮਾਨ ਤੋਂ ਲਗਾਤਾਰ ਗਰਜ ਅਤੇ ਬਿਜਲੀ ਦੀ ਚਮਕ ਨੇ ਸਥਾਨਕ ਲੋਕਾਂ ਨੂੰ ਪਰੇਸ਼ਾਨ ਕੀਤਾ। ਸੋਮਵਾਰ ਦੇਰ ਰਾਤ ਤੋਂ ਮੰਗਲਵਾਰ ਸਵੇਰ ਤੱਕ ਦੇਸ਼ ਵਿੱਚ ਭਾਰੀ ਮੀਂਹ ਜਾਰੀ ਰਿਹਾ। ਇਸ ਦੌਰਾਨ ਅਧਿਕਾਰੀਆਂ ਨੇ ਅਸਥਿਰ ਮੌਸਮ ਦੀ ਚਿਤਾਵਨੀ ਜਾਰੀ ਕੀਤੀ ਹੈ।
ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਦੇਸ਼ ਦੇ ਕਈ ਇਲਾਕਿਆਂ ‘ਚ ਰੈੱਡ ਅਲਰਟ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ‘ਬਹੁਤ ਜ਼ਿਆਦਾ ਸਾਵਧਾਨ’ ਰਹਿਣ ਲਈ ਕਿਹਾ ਗਿਆ ਹੈ। ਦੇਸ਼ ਵਿੱਚ ਅਸਧਾਰਨ ਗੰਭੀਰਤਾ ਦੀਆਂ ਖਤਰਨਾਕ ਮੌਸਮੀ ਘਟਨਾਵਾਂ ਦੀ ਭਵਿੱਖਬਾਣੀ ਕੀਤੀ ਗਈ ਹੈ। ਇਹ ਅਲਰਟ ਕੱਲ ਸ਼ਾਮ 6 ਵਜੇ ਤੱਕ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਓਮਾਨ ਵਿੱਚ ਭਾਰੀ ਮੀਂਹ ਕਾਰਨ 18 ਲੋਕਾਂ ਦੀ ਮੌਤ ਹੋ ਗਈ।
ਖਲੀਜ ਟਾਈਮਜ਼ ਦੇ ਅਨੁਸਾਰ, ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਨੇ ਦੁਬਈ, ਅਬੂ ਧਾਬੀ ਅਤੇ ਸ਼ਾਰਜਾਹ ਦੇ ਨਿਵਾਸੀਆਂ ਨੂੰ ਅਗਲੇ 48 ਘੰਟਿਆਂ ਵਿੱਚ ਅਸਥਿਰ ਮੌਸਮ ਦੇ ਹਾਲਾਤਾਂ ਲਈ ਤਿਆਰ ਰਹਿਣ ਲਈ ਕਿਹਾ ਹੈ। ਇਨ੍ਹਾਂ ਇਲਾਕਿਆਂ ‘ਚ ਬੁੱਧਵਾਰ ਤੱਕ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਰਾਸ਼ਟਰੀ ਮੌਸਮ ਵਿਗਿਆਨ ਕੇਂਦਰ ਦੇ ਮਾਹਰ ਅਹਿਮਦ ਹਬੀਬ ਨੇ ਕਿਹਾ, “ਨਾ ਸਿਰਫ ਦੁਬਈ, ਅਬੂ ਧਾਬੀ, ਸ਼ਾਰਜਾਹ ਅਤੇ ਅਮੀਰਾਤ ਦੇ ਹੋਰ ਸਥਾਨਾਂ ‘ਤੇ ਭਾਰੀ ਮੀਂਹ ਦੀ ਸੰਭਾਵਨਾ ਹੈ, ਪਰ ਗੜੇਮਾਰੀ ਵੀ ਸੰਭਵ ਹੈ।” ਲੋਕਾਂ ਨੂੰ ਹੜ੍ਹਾਂ ਦੀ ਸੰਭਾਵਨਾ ਵਾਲੇ ਖੇਤਰਾਂ ਤੋਂ ਦੂਰ ਸੁਰੱਖਿਅਤ ਅਤੇ ਉੱਚੀਆਂ ਥਾਵਾਂ ‘ਤੇ ਆਪਣੇ ਵਾਹਨ ਪਾਰਕ ਕਰਨ ਦੀ ਵੀ ਸਲਾਹ ਦਿੱਤੀ ਗਈ ਹੈ।