ਨੀਰੂ ਬਾਜਵਾ ਅਦਾਲਤ ‘ਚ ਹੋਈ ਪੇਸ਼, ਜਾਣੋ ਕੀ ਹੈ ਮਾਮਲਾ

ਪੰਜਾਬੀ ਫਿਲਮ ਬੂਹੇ ਬਾਰੀਆਂ ਨੂੰ ਲੈ ਕੇ ਲਗਾਤਾਰ ਵਿਵਾਦ ਚੱਲ ਰਿਹਾ ਹੈ। ਦਰਅਸਲ, ਨਵੀਂ ਪੰਜਾਬੀ ਫਿਲਮ ਦੇ ਕੁਝ ਸ਼ਬਦਾਂ ਨੂੰ ਲੈ ਕੇ ਵਾਲਮੀਕੀ ਭਾਈਚਾਰੇ ਨੇ ਇਤਰਾਜ਼ ਜਤਾਇਆ ਗਿਆ। ਜਿਸ ‘ਚ ਉਨ੍ਹਾਂ ਦਾ ਕਹਿਣਾ ਕਿ ਫਿਲਮ ‘ਚ ਵਾਲਮੀਕ ਸਮਾਜ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਲਾਂਕਿ ਬਾਅਦ ਵਿੱਚ ਫਿਲਮ ਨਾਲ ਜੁੜੇ ਕਲਾਕਾਰਾਂ ਵੱਲੋਂ ਇਸ ਉੱਪਰ ਮੁਆਫੀ ਵੀ ਮੰਗੀ ਗਈ। ਇਸ ਵਿਚਾਲੇ ਅੱਜ ਬੂਹੇ ਬਾਰੀਆਂ ਫਿਲਮ ਦੀ ਅਦਾਕਾਰਾ ਨੀਰੂ ਬਾਜਵਾ ਅੰਮ੍ਰਿਤਸਰ ਅਦਾਲਤ ਵਿਚ ਪੇਸ਼ ਹੋਈ। ਇਸ ਦੌਰਾਨ ਫਿਲਮ ਲੇਖਕ ਜਗਦੀਪ ਵੜਿੰਗ ਵੀ ਉਨ੍ਹਾਂ ਦੇ ਨਾਲ ਸੀ।

ਅਦਾਕਾਰਾ ਨੀਰੂ ਬਾਜਵਾ ਅਤੇ ਫਿਲਮ ਦੇ ਲੇਖਕ ਜਗਦੀਪ ਵੜਿੰਗ ਨੇ ਕਿਹਾ ਕਿ ਅਸੀ ਅਦਾਲਤ ਵਿੱਚ ਮੁਆਫੀ ਮੰਗੀ ਹੈ। ਅਸੀ ਸੋਸ਼ਲ ਮੀਡੀਆ ਤੇ ਵੀ ਮਾਫੀ ਮੰਗੀ ਹੈ। ਰਾਮ ਤੀਰਥ ਮੰਦਰ ਵਿੱਚ ਜਾ ਕੇ ਵੀ ਮੁਆਫੀ ਮੰਗੀ ਹੈ। ਜਗਦੀਪ ਵੜਿੰਗ ਨੇ ਕਿਹਾ ਕਿ ਕੁਝ ਲੋਕਾ ਨੂੰ ਫਿਲਮ ਦੇ ਵਿੱਚ ਇਸਤੇਮਾਲ ਕੀਤੇ ਸ਼ਬਦਾ ਤੇ ਇਤਰਾਜ਼ ਸੀ। ਅਸੀ ਕਿਸੇ ਦਾ ਦਿਲ ਨਹੀ ਦੁਖਾਉਣਾ ਨਹੀ ਚਾਹੁੰਦੇ ਸੀ।

ਜ਼ਿਕਰਯੋਗ ਹੈ ਕਿ ਫਿਲਮ ਦਾ ਵਿਰੋਧ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਫਿਲਮ ਵਿੱਚ ਉੱਚੀ ਜਾਤੀ ਤੇ ਨੀਵੀਂ ਜਾਤੀ ਦੇ ਰੋਲ ਦਿਖਾਏ ਗਏ ਹਨ ਕਿ ਜਿਹੜੇ ਛੋਟੀ ਜਾਤ ਦੇ ਲੋਕ ਨੇ, ਉਹ ਗੋਹਾ ਕੂੜਾ ਚੁੱਕਣ ਵਾਲੇ ਲੋਕ ਹਨ ਤੇ ਉਹ ਕਦੇ ਸਰਪੰਚੀ ਦੀ ਚੋਣ ਨਹੀਂ ਲੜ ਸਕਦੇ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਫੂਲਨ ਦੇਵੀ ਨੂੰ ਵੀ ਇਸ ਫਿਲਮ ‘ਚ ਗਲਤ ਦਿਖਾਇਆ ਗਿਆ ਹੈ, ਜਦਕਿ ਫਿਲਮ ਦੇ ਅਦਾਕਾਰਾਂ ਨੂੰ ਫੂਲਨ ਦੇਵੀ ਦਾ ਇਤਿਹਾਸ ਪਤਾ ਕਰ ਲੈਣਾ ਚਾਹੀਦਾ ਸੀ। ਇਸ ਦੇ ਨਾਲ ਹੀ ਆਗੂਆਂ ਦਾ ਕਹਿਣਾ ਕਿ ਜਦੋਂ ਸਾਡੇ ਬੱਚੇ ਅਜਿਹੀਆਂ ਫਿਲਮਾਂ ਦੇਖਣਗੇ ਤਾਂ ਉਨ੍ਹਾਂ ਉਤੇ ਵੀ ਮਾੜਾ ਪ੍ਰਭਾਵ ਪਵੇਗਾ। 

Advertisement