ਪਾਕਿਸਤਾਨ ਨੂੰ ਆਈਸੀਸੀ ਚੈਂਪੀਅਨਜ਼ ਟਰਾਫੀ 2025 ਦੀ ਮੇਜ਼ਬਾਨੀ ਦੇ ਅਧਿਕਾਰ ਮਿਲ ਗਏ ਹਨ ਪਰ ਇਸ ਦੇ ਪ੍ਰੋਗਰਾਮ ਅਤੇ ਸਥਾਨ ‘ਤੇ ਸਸਪੈਂਸ ਬਰਕਰਾਰ ਹੈ ਕਿਉਂਕਿ ਭਾਰਤ ਸਰਕਾਰ ਨੇ ਆਪਣੀ ਟੀਮ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਇਸ ਫੈਸਲੇ ਬਾਰੇ ਪਹਿਲਾਂ ਹੀ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਨੂੰ ਸੂਚਿਤ ਕਰ ਚੁੱਕਾ ਹੈ। ਹੁਣ ਆਈਸੀਸੀ ਇਸ ਟੂਰਨਾਮੈਂਟ ਨੂੰ ‘ਹਾਈਬ੍ਰਿਡ ਮਾਡਲ’ ਤਹਿਤ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਦੇ ਲਈ ਆਈਸੀਸੀ ਨੇ 29 ਨਵੰਬਰ (ਸ਼ੁੱਕਰਵਾਰ) ਨੂੰ ਕਾਰਜਕਾਰੀ ਬੋਰਡ ਦੀ ਹੰਗਾਮੀ ਮੀਟਿੰਗ ਵੀ ਬੁਲਾਈ ਸੀ।
ਹਾਲਾਂਕਿ ਇਸ ਬੈਠਕ ਦੌਰਾਨ ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ‘ਹਾਈਬ੍ਰਿਡ ਮਾਡਲ’ ਦੇ ਤਹਿਤ ਮੁਕਾਬਲੇ ਦੀ ਮੇਜ਼ਬਾਨੀ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ। ਅਜਿਹੇ ‘ਚ ਆਈਸੀਸੀ ਨੇ ਉਸ ਨੂੰ ਅਲਟੀਮੇਟਮ ਦਿੱਤਾ ਹੈ। ਪੀਸੀਬੀ ਦੇ ਮੁਖੀ ਮੋਹਸਿਨ ਨਕਵੀ ਮੀਟਿੰਗ ਵਿੱਚ ਨਿੱਜੀ ਤੌਰ ‘ਤੇ ਸ਼ਾਮਲ ਹੋਏ ਕਿਉਂਕਿ ਉਹ ਪਾਕਿਸਤਾਨ ਦਾ ਕੇਸ ਪੇਸ਼ ਕਰਨ ਲਈ ਵੀਰਵਾਰ ਤੋਂ ਦੁਬਈ ਵਿੱਚ ਹਨ। ਬੀਸੀਸੀਆਈ ਸਕੱਤਰ ਜੈ ਸ਼ਾਹ ਮੀਟਿੰਗ ਵਿੱਚ ਆਨਲਾਈਨ ਹਾਜ਼ਰ ਹੋਏ।

ਇਸ ਮੀਟਿੰਗ ਦੌਰਾਨ ਆਈਸੀਸੀ ਨੇ ਪੀਸੀਬੀ ਨੂੰ ਸਾਫ਼ ਕਿਹਾ ਕਿ ਉਹ ਜਾਂ ਤਾਂ ‘ਹਾਈਬ੍ਰਿਡ ਮਾਡਲ’ ਅਪਣਾਵੇ ਜਾਂ ਇਸ ਮੁਕਾਬਲੇ ਤੋਂ ਹਟਣ ਲਈ ਤਿਆਰ ਰਹੇ। ਇਸ ਮੀਟਿੰਗ ਦਾ ਮਕਸਦ ਚੈਂਪੀਅਨਜ਼ ਟਰਾਫੀ ਦਾ ਸਮਾਂ ਤੈਅ ਕਰਨਾ ਸੀ ਪਰ ਸੁਰੱਖਿਆ ਕਾਰਨਾਂ ਕਰਕੇ ਭਾਰਤ ਵੱਲੋਂ ਪਾਕਿਸਤਾਨ ਜਾਣ ਤੋਂ ਇਨਕਾਰ ਕਰਨ ਦੇ ਬਾਵਜੂਦ ਪੀਸੀਬੀ ਨੇ ਇੱਕ ਵਾਰ ਫਿਰ ‘ਹਾਈਬ੍ਰਿਡ ਮਾਡਲ’ ਨੂੰ ਰੱਦ ਕਰ ਦਿੱਤਾ, ਜਿਸ ਤੋਂ ਬਾਅਦ ਸਹਿਮਤੀ ਨਹੀਂ ਬਣ ਸਕੀ।
ਸਮਝਿਆ ਜਾਂਦਾ ਹੈ ਕਿ ਆਈਸੀਸੀ ਬੋਰਡ ਦੇ ਜ਼ਿਆਦਾਤਰ ਮੈਂਬਰ ਪਾਕਿਸਤਾਨ ਦੀ ਸਥਿਤੀ ਪ੍ਰਤੀ ਹਮਦਰਦੀ ਰੱਖਦੇ ਸਨ, ਪਰ ਪੀਸੀਬੀ ਮੁਖੀ ਮੋਹਸਿਨ ਨਕਵੀ ਨੂੰ ਅਜੇ ਵੀ ‘ਹਾਈਬ੍ਰਿਡ ਮਾਡਲ’ ਨੂੰ ਇੱਕੋ ਇੱਕ ਹੱਲ ਵਜੋਂ ਸਵੀਕਾਰ ਕਰਨ ਦੀ ਸਲਾਹ ਦਿੱਤੀ ਗਈ ਸੀ। ICC ਦੇ ਅਲਟੀਮੇਟਮ ਤੋਂ PCB ਨੂੰ ਝਟਕਾ ਲੱਗਾ ਹੈ। ਪੀਸੀਬੀ ਨੇ ਹੁਣ ਆਪਣੀ ਸਰਕਾਰ ਨਾਲ ਅੰਦਰੂਨੀ ਤੌਰ ‘ਤੇ ਗੱਲਬਾਤ ਕਰਨ ਲਈ ਇੱਕ ਦਿਨ ਦਾ ਸਮਾਂ ਮੰਗਿਆ ਹੈ। ਜੇ ਪਾਕਿਸਤਾਨ ‘ਹਾਈਬ੍ਰਿਡ ਮਾਡਲ’ ਨੂੰ ਸਵੀਕਾਰ ਕਰਦਾ ਹੈ ਤਾਂ ਭਾਰਤ ਦੇ ਖਿਲਾਫ ਮੈਚ, ਇੱਕ ਸੈਮੀਫਾਈਨਲ ਅਤੇ ਫਾਈਨਲ ਯੂਏਈ ਵਿੱਚ ਹੋਵੇਗਾ। ਜਦਕਿ ਬਾਕੀ ਮੈਚ ਪਾਕਿਸਤਾਨ ‘ਚ ਹੋਣਗੇ ਅਤੇ ਮੇਜ਼ਬਾਨੀ ਦਾ ਅਧਿਕਾਰ ਪਾਕਿਸਤਾਨ ਕੋਲ ਹੋਵੇਗਾ।