ਪੰਜਾਬੀ ਸਿਨੇਮਾ ਜਗਤ ਵਿੱਚ ਛਾਇਆ ਮਾਤਮ, ਮਸ਼ਹੂਰ ਅਦਾਕਾਰਾ ਦੀ ਮੌ.ਤ

ਪੰਜਾਬੀ ਸਿਨੇਮਾ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਸ ਨੇ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਦਰਅਸਲ, ਭਰੀ ਜਵਾਨੀ ਵਿੱਚ ਮਸ਼ਹੂਰ ਅਦਾਕਾਰਾ ਵੀਰ ਸਮਰਾ ਨੇ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਦੇ ਦੇਹਾਂਤ ਤੇ ਕਰੀਬੀਆਂ ਸਣੇ ਮਸ਼ਹੂਰ ਪੰਜਾਬੀ ਨਿਰਦੇਸ਼ਕ ਅਤੇ ਸਕ੍ਰੀਨ ਰਾਈਟਰ ਵੱਲੋਂ ਦੁੱਖ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਭਾਵੁਕ ਕਰ ਦੇਣ ਵਾਲੀ ਪੋਸਟ ਸਾਂਝੀ ਕੀਤੀ ਗਈ ਹੈ। 

ਪੰਜਾਬੀ ਨਿਰਦੇਸ਼ਕ ਅਮਰਦੀਪ ਸਿੰਘ ਗਿੱਲ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਉਦਾਸ ਕਵਿਤਾ ਵਰਗੀ ਕੁੜੀ ਤੁਰ ਗਈ ਚੁੱਪ ਚੁਪੀਤੇ! ਮੇਰੀ ਧੀਅ ਸੀ ਉਹ , ਛੋਟੀ ਭੈਣ ਸੀ , ਮੈਂ ਉਸਦੀ ਲਿਆਂਦੀ ਨਾਭੀ ਪੱਗ ਬਹੁਤ ਚਾਅ ਨਾਲ ਬੰਨਦਾ ਰਿਹਾ , ਉਸਦਾ ਮੈਂਨੂੰ ” ਬਾਈ ” ਕਹਿਣਾਂ ਮੈਂਨੂੰ ਬਹੁਤ ਚੰਗਾ ਲਗਦਾ ਸੀ । ਉਸਦੇ ਅੰਦਰ ਮਾਸੂਮ ਮੁਹੱਬਤ ਦਾ ਸਮੁੰਦਰ ਸੀ , ਉਸਦੇ ਅੰਦਰ ਪਾਕਿ ਪਿਆਰ ਦਾ ਦਰਿਆ ਸੀ। ਬਹੁਤ ਕਮਾਲ ਦੀ ਅਦਾਕਾਰਾ ਸੀ, ਪਹਿਲੀ ਵਾਰ ਮੈਨੂੰ ਬਠਿੰਡੇ ਮੇਰੇ ਘਰ ਮਿਲਣ ਆਈ ਸੀ , ਸ਼ਾਰਟ ਫਿਲਮ ” ਸਬੂਤੇ ਕਦਮ” ਦੀ ਸ਼ੂਟਿੰਗ ਵੇਲੇ। ਉਹ ਸੱਚੀ ਸੁੱਚੀ ਮਲਵੈਣ ਸੀ, ਉਸਦੀ ਬੋਲੀ ‘ਚ ਮਾਲਵੇ ਦੀ ਮਹਿਕ ਸੀ, ਸ਼ਾਰਟ ਫਿਲਮ “ਸਬੂਤੇ ਕਦਮ” ‘ਚ ਉਸਦਾ ਰੋਲ ਬਹੁਤ ਕਮਾਲ ਸੀ, ਉਸਦਾ ਬੋਲਿਆ ਇੱਕ ਡਾਇਲਾਗ ਮੇਰੀ ਜਾਨ ਕੱਢ ਲੈਂਦਾ ਸੀ , ਇਸ ਡਾਇਲਾਗ ਨੂੰ ਮੈ  ਯੂਟਿਊਬ ‘ਤੇ ਵਾਰ ਵਾਰ ਦੇਖਿਆ, ” ਚਾਚੀ ਆਪਾਂ ਨੀ ਵਿਆਹ ਵਿਹੂ ਕਰਵਾਉਣਾਂ , ਆਪਾਂ ਤਾਂ ਐਂ ਈ ਠੀਕ ਆਂ ! “

ਆਲੀਆ ਭੱਟ ਦੀ ਮੇਘਨਾ ਗੁਲਜ਼ਾਰ ਨਿਰਦੇਸ਼ਿਤ ਫਿਲਮ ” ਰਾਜ਼ੀ” ‘ਚ ਵੀ ਉਸਦਾ ਬਹੁਤ ਦਮਦਾਰ ਰੋਲ ਸੀ ਪਰ ਉਹ ਭੋਲੀ ਇਸ ਕੰਮ ਦੇ ਸਿਲਸਿਲੇ ਨੂੰ ਜਾਰੀ ਨਹੀਂ ਰੱਖ ਪਾਈ , ਮੈਨੂੰ ਉਹ ਆਖਰੀ ਵਾਰ ” ਮੇਰਾ ਬਾਬਾ ਨਾਨਕ ” ਦੇ ਸ਼ੂਟ ‘ਤੇ ਮਿਲੀ ਸੀ , ਹੁਣ ਇੱਕ ਸਾਲ ਤੋਂ ਮੈਂ ਉਸਨੂੰ ਲਗਾਤਾਰ ਲੱਭਦਾ ਰਿਹਾ ਪਰ ਉਹ ਮਿਲੀ ਨਹੀਂ , ਨਾ ਉਸਦਾ ਫੋਨ ਕਦੇ ਮਿਲਿਆ , ਨਾ ਉਸਨੇ ਮੈਸਜ ਦਾ ਜਵਾਬ ਦਿੱਤਾ ਤੇ ਅੱਜ ਇਹ ਖ਼ਬਰ ਮਿਲ ਗਈ ! ਉਹ ਚੁੱਪ ਚੁਪੀਤੇ ਤੁਰ ਗਈ , ਬਹੁਤਿਆਂ ਨੂੰ ਬਿਨ ਬੋਲੇ ਸਜ਼ਾ ਦੇ ਗਈ , ਉਸਦਾ ਇੰਝ ਤੁਰ ਜਾਣਾ ਮੌਤ ਦੇ ਦੁਖਾਂਤ ਨੂੰ ਸੌ ਗੁਣਾਂ ਵਧਾ ਗਿਆ ! ਵਾਹਿਗੁਰੂ ਉਸ ਧੀਅ ਦੀ ਆਤਮਾ ਨੂੰ ਹੀ ਸ਼ਾਂਤੀ ਦੇ ਦੇਵੇ , ਜਿਉਂਦੇ ਜੀਅ ਤਾਂ ਉਹ ਬੇਚੈਨ ਹੀ ਰਹੀ , ਉਸਨੂੰ ਕੋਈ ਸਮਝ ਨਹੀਂ ਸਕਿਆ ! ਵੀਰ ਸਮਰਾ ਸੀ ਉਸਦਾ ਨਾਂਅ !!

Advertisement