ਪੰਜਾਬ ‘ਚ ਮੀਂਹ ਅਤੇ ਤੂਫਾਨ ਦਾ ਅਲਰਟ, ਚੱਲਣਗੀਆਂ ਤੇਜ਼ ਹਵਾਵਾਂ

ਪੰਜਾਬ ਅਤੇ ਚੰਡੀਗੜ੍ਹ ਵਿੱਚ ਅੱਜ ਤੋਂ ਮੌਸਮ ਬਦਲ ਗਿਆ ਹੈ। ਸੀਤ ਲਹਿਰ ਦੇ ਨਾਲ-ਨਾਲ ਸਵੇਰ ਤੋਂ ਹੀ ਬਾਰਿਸ਼ ਵੀ ਹੋ ਰਹੀ ਹੈ। ਮੌਸਮ ਵਿਭਾਗ ਨੇ ਅੱਜ ਪੰਜਾਬ ਦੇ 21 ਜ਼ਿਲ੍ਹਿਆਂ ਵਿੱਚ 30-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਨੇਰੀ ਅਤੇ ਤੇਜ਼ ਹਵਾਵਾਂ ਚੱਲਣ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਕੁਝ ਥਾਵਾਂ ‘ਤੇ ਗੜ੍ਹੇ ਪੈਣ ਦੀ ਵੀ ਸੰਭਾਵਨਾ ਹੈ। ਹਾਲਾਂਕਿ ਪਿਛਲੇ 24 ਘੰਟਿਆਂ ‘ਚ ਸੂਬੇ ਦੇ ਔਸਤ ਤਾਪਮਾਨ ‘ਚ 0.6 ਡਿਗਰੀ ਦਾ ਵਾਧਾ ਹੋਇਆ ਹੈ। ਜੋ ਕਿ ਆਮ ਤਾਪਮਾਨ ਨਾਲੋਂ 2 ਡਿਗਰੀ ਵੱਧ ਹੈ। ਪਠਾਨਕੋਟ ਦੇ ਥੀਨ ਡੈਮ ਵਿੱਚ ਸਭ ਤੋਂ ਵੱਧ ਤਾਪਮਾਨ 23.9 ਡਿਗਰੀ ਦਰਜ ਕੀਤਾ ਗਿਆ ਹੈ।

ਮੌਸਮ ਵਿਭਾਗ ਨੇ ਕੁਝ ਰਾਜਾਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਅੱਜ ਅਤੇ ਕੱਲ੍ਹ ਯਾਨੀ 27 ਅਤੇ 28 ਦਸੰਬਰ ਨੂੰ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸਾਲ ਦੀ ਸ਼ੁਰੂਆਤ ਰਿਕਾਰਡ ਤੋੜ ਠੰਡ ਨਾਲ ਹੋਵੇਗੀ। ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿਚ ਇਸ ਸਮੇਂ ਹਲਕੀ ਬਾਰਸ਼ ਹੋ ਰਹੀ ਹੈ। ਇਹ ਸਿਲਸਲਾ ਕੁਝ ਦਿਨ ਜਾਰੀ ਰਹੇ ਸਕਦਾ ਹੈ।

ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਦਿੱਲੀ-ਐਨਸੀਆਰ ਵਿਚ 3 ਦਿਨਾਂ ਤੱਕ ਮੀਂਹ, ਕੜਾਕੇ ਦੀ ਠੰਢ ਅਤੇ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਦਿੱਲੀ ਐਨਸੀਆਰ ਵਿੱਚ ਆਉਣ ਵਾਲੇ 2 ਦਿਨ ਬਹੁਤ ਮਹੱਤਵਪੂਰਨ ਹਨ – 27 ਅਤੇ 28 ਦਸੰਬਰ ਨੂੰ ਤੇਜ਼ ਹਵਾਵਾਂ ਯਾਨੀ ਤੂਫਾਨ ਦੇ ਨਾਲ ਭਾਰੀ ਮੀਂਹ ਦੀ ਸੰਭਾਵਨਾ ਹੈ। ਮੀਂਹ ਕਾਰਨ ਦੇਸ਼ ਦੀ ਰਾਜਧਾਨੀ ‘ਚ ਸੀਤ ਲਹਿਰ ਵੀ ਆ ਸਕਦੀ ਹੈ। ਸਾਲ ਦੇ ਅੰਤ ਵਿੱਚ ਘੱਟੋ-ਘੱਟ ਤਾਪਮਾਨ 4 ਤੋਂ 5 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਇਸ ਦੇ ਨਾਲ ਹੀ ਵੈਸਟਰਨ ਡਿਸਟਰਬੈਂਸ ਕਾਰਨ ਪਹਾੜਾਂ ‘ਤੇ ਬਰਫਬਾਰੀ ਹੋਣ ਕਾਰਨ ਤੇਜ਼ ਉੱਤਰੀ ਅਤੇ ਉੱਤਰ-ਪੱਛਮੀ ਹਵਾਵਾਂ ਮੈਦਾਨੀ ਇਲਾਕਿਆਂ ‘ਚ ਪਹੁੰਚ ਗਈਆਂ ਹਨ ਅਤੇ ਲੋਕਾਂ ਦਾ ਜਿਊਣਾ ਮੁਸ਼ਕਲ ਹੋ ਗਿਆ ਹੈ।

Advertisement